ਮਿੰਨੀ ਬੱਸ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਫੌਜੀ ਜਵਾਨ ਦੀ ਮੌਤ, ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ
Friday, Dec 09, 2022 - 02:00 AM (IST)
ਕਲਾਨੌਰ (ਮਨਮੋਹਨ) : ਬਟਾਲਾ ਰੋਡ 'ਤੇ ਸਥਿਤ ਪਿੰਡ ਦਲੇਰਪੁਰ ਨੇੜੇ ਮਿੰਨੀ ਬੱਸ ਅਤੇ ਕਾਰ ਵਿਚਾਲੇ ਹੋਏ ਹਾਦਸੇ 'ਚ 12 ਤੋਂ 15 ਸਵਾਰੀਆਂ ਦੇ ਜ਼ਖਮੀ ਹੋਣ ਅਤੇ ਕਾਰ ਸਵਾਰ ਵਿਅਕਤੀ ਦੀ ਘਟਨਾ ਸਥਾਨ ’ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਕ ਨਿੱਜੀ ਮਿੰਨੀ ਬੱਸ ਦੇਰ ਸ਼ਾਮ ਬਟਾਲਾ ਤੋਂ ਕਲਾਨੌਰ ਆ ਰਹੀ ਸੀ ਤੇ ਪਿੰਡ ਦਲੇਰਪੁਰ ਨੇੜੇ ਕਲਾਨੌਰ ਸਾਈਡ ਵੱਲੋਂ ਆ ਰਹੀ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਬੱਸ ਵੀ ਪਲਟ ਗਈ ਤੇ ਕਾਰ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜ੍ਹੋ : ਗੰਨ ਕਲਚਰ 'ਤੇ ਪਾਬੰਦੀ ਦਾ ਨਹੀਂ ਹੋ ਰਿਹਾ ਅਸਰ, ਅੰਮ੍ਰਿਤਸਰ 'ਚ ਫਿਰ ਚੱਲੀ ਗੋਲ਼ੀ, CCTV ਫੁਟੇਜ ਆਈ ਸਾਹਮਣੇ
ਇਸ ਹਾਦਸੇ ’ਚ ਕਾਰ ਸਵਾਰ ਪਰਮਜੀਤ ਸਿੰਘ ਵਾਸੀ ਪਿੰਡ ਨਾਨੋਹਾਰਨੀ ਜੋ ਬੀਐੱਸਐੱਫ ਦਾ ਜਵਾਨ ਦੱਸਿਆ ਜਾ ਰਿਹਾ ਹੈ ਅਤੇ ਅੱਜ ਛੁੱਟੀ ’ਤੇ ਆਇਆ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬੱਸ ’ਚ ਸਵਾਰ ਕਰੀਬ ਦਰਜਨ ਤੋਂ ਵੱਧ ਸਵਾਰੀਆਂ ਮਨਪ੍ਰੀਤ ਕੌਰ ਪਿੰਡ ਰਹੀਮਾਬਾਦ, ਸ਼ਰਨਜੀਤ ਕੌਰ ਪਿੰਡ ਸ਼ਾਹਪੁਰ ਗੋਰਾਇਆ, ਹਰਜਿੰਦਰ ਸਿੰਘ ਵਾਸੀ ਪਿੰਡ ਸਾਹਲੇ ਚੱਕ ਨੂੰ ਕਮਿਊਨਿਟੀ ਹੈਲਥ ਸੈਂਟਰ ਕਲਾਨੌਰ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿਥੇ ਹਰਜਿੰਦਰ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ, ਜਦਕਿ ਕੁਝ ਸਵਾਰੀਆਂ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆ ਸਨ, ਵੱਲੋਂ ਆਪਣੇ ਤੌਰ ’ਤੇ ਨਿੱਜੀ ਡਾਕਟਰਾਂ ਕੋਲੋਂ ਇਲਾਜ ਕਰਵਾ ਲਿਆ ਗਿਆ। ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤੀ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਪਟਨ ਦੇ ਮੀਡੀਆ ਸਲਾਹਕਾਰ ਭਰਤਇੰਦਰ ਚਾਹਲ ਦੇ ਘਰ ਪੁਲਸ ਨੇ ਮਾਰਿਆ ਛਾਪਾ, ਅਫ਼ਸਰਾਂ ਨੇ ਧਾਰੀ ਚੁੱਪ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।