ਹੁਣ ਘਰਾਂ ’ਚ ਸੋਲਰ ਪਲਾਂਟ ਲਾਉਣ ’ਤੇ ਮਿਲੇਗੀ 40 ਫੀਸਦੀ ਸਬਸਿਡੀ
Friday, Aug 30, 2019 - 03:09 PM (IST)
ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਸੋਲਰ ਪਾਵਰ ਨੂੰ ਪ੍ਰਮੋਟ ਕਰਨ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਦੇ ਲਈ ਪ੍ਰਸ਼ਾਸਨ ਨੇ ਛੱਤਾਂ ’ਤੇ ਲੱਗਣ ਵਾਲੇ ਪੈਨਲ ਦੀ ਬੈਂਚਮਾਰਕ ਕਾਸਟ ਘਟਾ ਦਿੱਤੀ ਹੈ। ਇਸ ਦੇ ਚੱਲਦਿਆਂ 3 ਕਿਲੋਵਾਟ ਦਾ ਸੋਲਰ ਪਲਾਂਟ ਲਾਉਣਾ ਹੁਣ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਪੈਨਲ ’ਤੇ ਮਿਲਣ ਵਾਲੀ ਸਬਸਿਡੀ ਤੋਂ ਵੀ ਵਧੀਆ ਕਮਾਈ ਕੀਤੀ ਜਾ ਸਕਦੀ ਹੈ। ਰੂਫਟਾਪ ਸੋਲਰ ਲਈ 30 ਤੋਂ 40 ਫੀਸਦੀ ਦੀ ਛੋਟ ਦਿੱਤੀ ਗਈ ਹੈ। ਮੀਟਿੰਗ ’ਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਨੇ ਚੰਡੀਗੜ੍ਹ ਨੂੰ ਆਦਰਸ਼ ਸੌਰ ਸ਼ਹਿਰ ਬਣਾਉਣ ਦੀ ਯੋਜਨਾ ਬਣਾਈ ਹੈ। ਯੂ. ਟੀ. ਪ੍ਰਸ਼ਾਸਨ ਦੇ ਚੀਫ ਇੰਜੀਨੀਅਰ ਮੁਕੇਸ਼ ਆਨੰਦ ਨੇ ਸੋਲਰ ਪੈਨਲ ਦੀ ਪ੍ਰਕਿਰਿਆ ਦੇ ਸਰਲੀਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਨਾਗਰਿਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਛੱਤਾਂ ’ਤੇ ਸੌਰ ਊਰਜਾ ਦੀ ਸਥਾਪਨਾ ਲਈ ਅੱਗੇ ਆਉਣ।
ਹੋਮ ਸਕੱਤਰ ਨੇ ਕਿਹਾ ਕਿ ਸ਼ਹਿਰ ’ਚ ਗਰਾਊਂਡ ਮਾਊਂਟੇਡ ਸੋਲਰ ਸਿਸਟਮ ਲਈ ਸੀਮਤ ਗੁੰਜਾਇਸ਼ ਅਤੇ ਸਮਰੱਥਾ ਹੈ, ਇਸ ਲਈ ਰੂੁਫਟਾਪ ਇਕ ਮਾਤਰ ਅਜਿਹਾ ਖੇਤਰ ਹੈ, ਜਿੱਥੇ ਸਮਰੱਥਾ ਦਾ ਉਪਯੋਗ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਹੂਲਤ 500 ਵਰਗ ਗਜ ਤੋਂ ਉੱਪਰ ਦੇ ਰਿਹਾਇਸ਼ੀ ਘਰਾਂ ਲਈ ਜ਼ਰੂਰੀ ਹੈ ਪਰ ਛੋਟੇ ਭੂਖੰਡ ਦੇ ਆਕਾਰ ਵਾਲੇ ਘਰ ਵੀ ਯੋਜਨਾ ਦਾ ਲਾਭ ਲੈ ਸਕਦੇ ਹਨ।