ਸੋਲਰ ਪੈਨਲ ਨਾਲ ਸਜਣਗੀਆਂ 880 ਸਰਕਾਰੀ ਸਕੂਲਾਂ ਦੀਆਂ ਛੱਤਾਂ

Saturday, Feb 29, 2020 - 11:44 AM (IST)

ਲੁਧਿਆਣਾ (ਵਿੱਕੀ) : ਸੌਰ ਊਰਜਾ ਨੂੰ ਵਿਕਸਿਤ ਕਰਨ ਲਈ ਕੈਪਟਨ ਸਰਕਾਰ ਹੁਣ ਰਾਜ ਦੇ ਸਰਕਾਰੀ ਸਕੂਲਾਂ 'ਚ ਸੋਲਰ ਪੈਨਲ ਲਾਉਣ ਜਾ ਰਹੀ ਹੈ। ਖਾਸ ਗੱਲ ਤਾਂ ਇਹ ਹੈ ਕਿ ਇਸ ਦੇ ਲਈ ਸਕੂਲਾਂ ਨੂੰ ਆਪਣੇ ਕੋਲੋਂ ਕੋਈ ਪੈਸਾ ਨਹੀਂ ਖਰਚ ਕਰਨਾ ਪਵੇਗਾ, ਸਗੋਂ ਸਰਕਾਰੀ ਫੰਡ ਨਾਲ ਸਕੂਲਾਂ ਦੀਆਂ ਛੱਤਾਂ 'ਤੇ ਸੌਰ ਊਰਜਾ ਤੋਂ ਬਿਜਲੀ ਉਤਪਾਦਨ ਹੋਵੇਗਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਦੌਰਾਨ ਸਰਕਾਰੀ ਸਕੂਲਾਂ 'ਚ 10 ਕਿਲੋਵਾਟ ਦੇ ਸੋਲਰ ਪਲਾਂਟ ਸਥਾਪਤ ਕਰਨ ਦਾ ਐਲਾਨ ਕੀਤਾ।

ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਨੇ ਪਹਿਲੇ ਪੜਾਅ 'ਚ ਇਸ ਤਰ੍ਹਾਂ 880 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਚੋਣ ਕੀਤੀ ਹੈ। ਇਸੇ ਲੜੀ 'ਚ ਪਹਿਲੇ ਪੜਾਅ 'ਚ 259 ਸਰਕਾਰੀ ਸਮਾਰਟ ਸਕੂਲਾਂ ਨੂੰ ਇਸ ਦਾ ਫਾਇਦਾ ਮਿਲੇਗਾ, ਜਿਸ ਤੋਂ ਬਾਅਦ ਦੂਜੇ ਪੜਾਅ 'ਚ 621 ਹੋਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸੌਰ ਊਰਜਾ ਤੋਂ ਬਿਜਲੀ ਪੈਦਾ ਕਰਨ 'ਚ ਸਮਰੱਥ ਬਣਾਇਆ ਜਾਵੇਗਾ।

ਸਿੱਖਿਆ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ 78 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਸੋਲਰ ਪਲਾਂਟ ਸਥਾਪਿਤ ਕੀਤੇ ਜਾਣਗੇ। ਦੱਸਿਆ ਗਿਆ ਹੈ ਕਿ ਪਹਿਲੇ 2 ਪੜਾਅ 'ਚ ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ 'ਚ ਜ਼ਿਆਦਾ ਸੋਲਰ ਪੈਨਲ ਲੱਗਣਗੇ, ਜਦੋਂ ਕਿ ਲਿਸਟ 'ਚ ਗੁਰਦਾਸਪੁਰ ਦੇ 72 ਅਤੇ ਲੁਧਿਆਣਾ ਦੇ 70 ਸਕੂਲਾਂ ਨੂੰ ਚੁਣਿਆ ਗਿਆ ਹੈ।


Babita

Content Editor

Related News