ਸੋਸ਼ਲ ਸਾਈਟਸ ਦੇ ਰਾਹੀਂ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨਾਂ ''ਤੇ ਠੱਗਾਂ ਦੀ ਨਜ਼ਰ
Monday, Jul 15, 2019 - 04:07 PM (IST)
ਜਲੰਧਰ (ਵਰੁਣ)— ਸੋਸ਼ਲ ਸਾਈਟਾਂ 'ਤੇ ਬਾਇਓਡਾਟਾ ਪਾ ਕੇ ਨੌਕਰੀ ਲੱਭ ਰਹੇ ਪੜ੍ਹੇ-ਲਿਖੇ ਨੌਜਵਾਨਾਂ 'ਤੇ ਹੁਣ ਠੱਗਾਂ ਦੀ ਨਜ਼ਰ ਹੈ। ਇਹਠੱਗ ਖੁਦ ਨੂੰ ਇੰਟਰਨੈਸ਼ਨਲ ਕੰਪਨੀਆ ਂ ਦੇ ਐੱਚ. ਆਰ. ਡਿਪਾਰਟਮੈਂਟ ਦਾ ਦੱਸ ਕੇ ਪਹਿਲਾਂ ਤਾਂ ਰਜਿਸਟ੍ਰੇਸ਼ਨ ਫੀਸ ਦੇ ਨਾਂ 'ਤੇ ਆਨਲਾਈਨ ਪੈਸੇ ਮੰਗਵਾਉਂਦੇ ਹਨ ਅਤੇ ਬਾਅਦ 'ਚ ਨੌਜਵਾਨਾਂ ਨੂੰ ਕੰਪਨੀਆਂ ਦੇ ਅਪੁਆਇੰਟਮੈਂਟ ਲੈਟਰ ਭੇਜ ਕੇ ਸਕਿਓਰਿਟੀ ਦੇ ਤੌਰ 'ਤੇ ਵੀ ਰਕਮ ਲੈ ਕੇ ਮੋਬਾਇਲ ਨੰਬਰ ਬੰਦ ਕਰ ਲੈਂਦੇ ਹਨ। ਅਜਿਹੀ ਹੀ ਇਕ ਠੱਗੀ ਜਲੰਧਰ ਕੈਂਟ ਦੀ ਰਹਿਣ ਵਾਲੀ ਲੜਕੀ ਨਾਲ ਹੋਈ। ਲੜਕੀ ਨੇ ਦੱਸਿਆ ਕਿ ਜੂਨ ਮਹੀਨੇ ਵਿਚ ਉਸ ਨੇ ਆਪਣਾ ਬਾਇਓਡਾਟਾ ਟਵਿੱਟਰ 'ਤੇ ਅਪਲੋਡ ਕੀਤਾ ਸੀ। ਕੁਝ ਦੇਰ ਬਾਅਦ ਹੀ ਇਕ ਲੜਕੀ ਦਾ ਫੋਨ ਆਇਆ ਜੋ ਖੁਦ ਨੂੰ ਇੰਟਰਨੈਸ਼ਨਲ ਮੋਬਾਇਲ ਕੰਪਨੀ ਦੀ ਅਧਿਕਾਰੀ ਦੱਸ ਰਹੀ ਸੀ। ਉਸ ਔਰਤ ਨੇ ਲੜਕੀ ਨੂੰ ਅਸਿਸਟੈਂਟ ਬ੍ਰਾਂਚ ਮੈਨੇਜਰ ਦੀ ਜੌਬ ਆਫਰ ਕੀਤੀ ਅਤੇ 32,500 ਰੁਪਏ ਦੀ ਸੈਲਰੀ ਦੱਸੀ। ਅੱਗੇ ਦਾ ਪ੍ਰੋਸੈਸ ਸ਼ੁਰੂ ਕਰਨ ਲਈ ਔਰਤ ਨੇ ਰਜਿਸਟ੍ਰੇਸ਼ਨ ਫੀਸ 1400 ਰੁਪਏ ਟਰਾਂਸਫਰ ਕਰਨ ਲਈ ਕਿਹਾ। ਲੜਕੀ ਨੇ ਕਿਹਾ ਕਿ ਉਸ ਨੇ ਆਨਲਾਈਨ ਪੈਸੇ ਦੱਸੇ ਗਏ ਬੈਂਕ ਖਾਤੇ 'ਚ ਟਰਾਂਸਫਰ ਕਰ ਦਿੱਤੇ। ਇਸ ਦੌਰਾਨ ਔਰਤ ਨੇ ਉਸ ਨੂੰ ਚੰਡੀਗੜ੍ਹ ਵਿਖੇ ਟ੍ਰੇਨਿੰਗ ਦੇਣ ਦੀ ਗੱਲ ਕਹੀ ਅਤੇ ਕਿਹਾ ਕਿ ਸਕਿਓਰਿਟੀ ਦੇ 7200 ਰੁਪਏ ਜਮ੍ਹਾ ਕਰਵਾਉਣੇ ਪੈਣਗੇ ਜੋ ਕਿ ਟ੍ਰੇਨਿੰਗ ਦੇ ਪਹਿਲੇ ਹੀ ਦਿਨ ਵਾਪਸ ਕਰ ਦਿੱਤੇ ਜਾਣਗੇ।
ਲੜਕੀ ਨੇ ਸ਼ੱਕ ਜਤਾਇਆ ਤਾਂ ਔਰਤ ਨੇ ਉਸ ਨੂੰ ਕੰਪਨੀ ਦਾ ਅਪੁਆਇੰਟਮੈਂਟ ਲੈਟਰ ਭੇਜ ਦਿੱਤਾ। ਲੜਕੀ ਨੇ ਕਿਹਾ ਕਿ ਲੈਟਰ ਦੇਖ ਕੇ ਉਸ ਨੂੰ ਵਿਸ਼ਵਾਸ ਹੋ ਗਿਆ ਅਤੇ ਉਸ ਨੇ ਦੋਬਾਰਾ 7200 ਰੁਪਏ ਉਸੇ ਬੈਂਕ ਖਾਤੇ 'ਚ ਟਰਾਂਸਫਰ ਕਰ ਦਿੱਤੇ। ਲੜਕੀ ਨੇ ਕਿਹਾ ਕਿ ਇਸ ਸਾਰੇ ਪ੍ਰੋਸੈਸ ਦੌਰਾਨ ਉਸਦੀ 4 ਲੋਕਾਂ ਨਾਲ ਗੱਲ ਹੋਈ, ਜਿਨ੍ਹਾਂ 'ਚੋਂ 2 ਨੌਜਵਾਨ ਅਤੇ 2 ਔਰਤਾਂ ਸਨ। ਪੈਸੇ ਲੈਣ ਤੋਂ ਬਾਅਦ ਉਕਤ ਲੋਕਾਂ ਨੇ ਉਸ ਦੇ ਫੋਨ ਚੁਕਣੇ ਬੰਦ ਕਰ ਦਿੱਤੇ। ਹੁਣ ਸਾਰੇ ਨੰਬਰ ਬੰਦ ਹਨ। ਲੜਕੀ ਨੇ ਇਸ ਸਬੰਧੀ ਕੰਟਰੋਲ ਰੂਮ 'ਚ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਸਾਈਬਰ ਕ੍ਰਾਈਮ ਸੈੱਲ 'ਚ ਸ਼ਿਕਾਇਤ ਦੇਣ ਲਈ ਕਿਹਾ ਗਿਆ। ਲੜਕੀ ਨੇ ਕਿਹਾ ਕਿ ਉਸਨੇ ਸਾਈਬਰ ਕ੍ਰਾਈਮ ਸੈੱਲ 'ਚ ਵੀ ਫੋਨ ਕੀਤਾ ਪਰ ਉਹ ਸ਼ਿਕਾਇਤ ਲਈ ਉਸ ਨੂੰ ਸੈੱਲ 'ਚ ਬੁਲਾ ਰਹੇ ਸਨ, ਜਿਸ ਕਾਰਨ ਉਸਨੇ ਸ਼ਿਕਾਇਤ ਨਹੀਂ ਕੀਤੀ।
ਜੌਬ ਏਜੰਸੀਆਂ ਦੇ ਨਾਂ ਨਾਲ ਹੋ ਰਿਹਾ ਆਨਲਾਈਨ ਫਰਾਡ
ਆਨਲਾਈਨ ਫਰਾਡ ਕਰਨ ਵਾਲੇ ਜੌਬ ਏਜੰਸੀਆਂ ਦੇ ਨਾਂ ਨਾਲ ਵੀ ਫਰਾਡ ਕਰ ਰਹੇ ਹਨ। ਜੌਬ ਦੀ ਭਾਲ ਕਰ ਰਹੇ ਲੋਕਾਂ ਦੇ ਸੋਸ਼ਲ ਸਾਈਟਸ ਤੋਂ ਬਾਇਓਡਾਟਾ ਲੈ ਕੇ ਉਨ੍ਹਾਂ ਨਾਲ ਫੋਨ 'ਤੇ ਸੰਪਰਕ ਕੀਤਾ ਜਾਂਦਾ ਹੈ। ਠੱਗ ਪਹਿਲਾਂ ਤਾਂ ਸਾਰੀ ਡਿਟੇਲ ਅਤੇ ਇੰਟਰਵਿਊ ਲੈਂਦੇ ਹਨ ਅਤੇ ਬਾਅਦ 'ਚ ਆਨਲਾਈਨ ਫਾਰਮ ਭਰਨ ਲਈ 50 ਰੁਪਏ ਫੀਸ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੇ ਜ਼ਰੀਏ ਭੇਜਣ ਨੂੰ ਕਹਿੰਦੇ ਹਨ। ਜਿਵੇਂ ਹੀ ਕਾਰਡ ਦਾ ਪਿਨ ਨੰਬਰ ਪਾਇਆ ਜਾਂਦਾ ਹੈਤਾਂ ਕਾਰਡ ਨੂੰ ਹੈਕ ਕਰ ਕੇ ਸਾਰੀ ਨਕਦੀ ਕਾਰਡ ਵਿਚੋਂ ਟਰਾਂਸਫਰ ਕਰ ਲਈ ਜਾਂਦੀ ਹੈ ਅਤੇ ਇਸ ਦੇ ਲਈ ਓ. ਟੀ. ਪੀ. ਨੰਬਰ ਦੀ ਵੀ ਜ਼ਰੂਰਤ ਨਹੀਂ ਹੁੰਦੀ।
ਆਨਲਾਈਨ ਫਰਾਡ ਕਰਨ ਵਾਲੇ ਲੋਕਾਂ ਨੂੰ ਨਕੇਲ ਪਾਉਣ ਲਈ ਸਾਈਬਰ ਕ੍ਰਾਈਮ ਸੈੱਲ ਦੀ ਟੀਮ ਲਗਾਤਾਰ ਕੰਮ ਕਰ ਰਹੀ ਹੈ। ਨੌਜਵਾਨ ਇਨ੍ਹਾਂ ਲੋਕਾਂ ਤੋਂ ਸੁਚੇਤ ਰਹਿਣ। ਇਸ ਤਰ੍ਹਾਂ ਦੀਆਂ ਕਾਲਾਂ ਕਰਨ ਵਾਲੇ ਲੋਕਾਂ ਨੂੰ ਆਨਲਾਈਨ ਪੇਮੈਂਟ ਹੀ ਨਾ ਕਰਨ। ਜੇਕਰ ਕਰਨੀ ਹੈ ਤਾਂ ਫੋਨ ਕਰਨ ਵਾਲੇ ਬਾਰੇ ਸਾਰੀ ਜਾਣਕਾਰੀ ਲੈਣੀ ਚਾਹੀਦੀ ਹੈ, ਜਿਸ ਕੰਪਨੀ ਦਾ ਉਹ ਦੱਸਦੇ ਹਨ ਉਥੋਂ ਦਾ ਨੰਬਰ ਲੈ ਕੇ ਸਾਰੀ ਡਿਟੇਲ ਖੰਗਾਲ ਕੇ ਹੀ ਪੈਸੇ ਦੇਣ।-ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ