ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਲੁਧਿਆਣਾ ਦੀ ਇਹ ਡੇਢ ਮਿੰਟ ਦੀ ਵੀਡੀਓ, ਵੇਖ ਖੜ੍ਹੇ ਹੋ ਜਾਣਗੇ ਰੌਂਗਟੇ

05/17/2017 3:49:35 PM

ਲੁਧਿਆਣਾ (ਮਹੇਸ਼) : ਇਕ ਔਰਤ ਦੀ ਬੇਰਹਿਮੀ ਨਾਲ ਮਾਰਕੁੱਟ ਦੀ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਹੈ, ਜਿਸ ਨੂੰ ਵੇਖ ਕੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ ਹਨ ਅਤੇ ਪੁਲਸ ਦੀ ਕਾਰਜਪ੍ਰਣਾਲੀ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ । 1 ਮਿੰਟ 19 ਸੈਕਿੰਡ ਦੀ ਇਸ ਵੀਡੀਓ ''ਚ ਇਕ ਸਿੱਖ ਨੌਜਵਾਨ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦਾ ਹੋਇਆ ਬੜੇ ਹੀ ਵਹਿਸ਼ੀਪੁਣੇ ਨਾਲ ਔਰਤ ''ਤੇ ਤਾਬੜਤੋੜ ਲੱਤਾਂ ਅਤੇ ਘਸੁੰਨ ਮਾਰਦਾ ਹੋਇਆ, ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸ ਰਿਹਾ ਹੈ, ਜਦੋਂ ਕਿ ਉਸ ਔਰਤ ਨੇ ਇਕ ਹੋਰ ਔਰਤ ਦੇ ਵਾਲ ਫੜੇ ਹੋਏ ਹਨ । ਦੋਵੇਂ ਗੁੱਥਮਗੁੱਥਾ ਜ਼ਮੀਨ ''ਤੇ ਡਿੱਗੀਆਂ ਹੋਈਆਂ ਹਨ ਅਤੇ ਇਕ ਛੋਟੀ ਬੱਚੀ ਵੀ ਉਸ ਮਹਿਲਾ ਨੂੰ ਡੰਡੇ ਨਾਲ ਕੁੱਟ ਰਹੀ ਹੈ।  
ਪਤਾ ਲੱਗਾ ਹੈ ਕਿ ਇਹ ਵੀਡੀਓ ਔਰਤ ਦੇ ਇਕ ਗੁਆਂਢੀ ਵੱਲੋਂ ਛੱਤ ''ਤੇ ਖੜ੍ਹੇ ਹੋ ਕੇ ਮੋਬਾਇਲ ''ਚ ਬਣਾਈ ਗਈ ਹੈ, ਜਿਸ ਤੋਂ ਬਾਅਦ ਹੀ ਇਹ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਗਈ ਅਤੇ ਵੇਖਦੇ ਹੀ ਵੇਖਦੇ ਕਈ ਹੱਥਾਂ ''ਚ ਪੁੱਜ ਗਈ । ਦੱਸਿਆ ਜਾਂਦਾ ਹੈ ਕਿ ਇਹ ਮੰਦਭਾਗੀ ਘਟਨਾ ਲੁਧਿਆਣਾ ਦੇ ਸਿਵਲ ਲਾਈਨਜ਼ ਦੇ ਨਿਊ ਮਾਇਆ ਨਗਰ ਇਲਾਕੇ ''ਚ ਐਤਵਾਰ ਨੂੰ ਵਾਪਰੀ । ਔਰਤ ਦਾ ਪਤੀ ਵਿਦੇਸ਼ ''ਚ ਹੈ ਅਤੇ ਉਹ ਇਥੇ ਆਪਣੇ ਸਹੁਰੇ ਪਰਿਵਾਰ ਨਾਲ ਰਹਿੰਦੀ ਹੈ। ਪ੍ਰਾਪਰਟੀ ਨੂੰ ਲੈ ਕੇ ਉਸ ਦਾ ਆਪਣੇ ਜੇਠ-ਜਠਾਣੀ ਨਾਲ ਝਗੜਾ ਚੱਲ ਰਿਹਾ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੁਲਸ ਦੇ ਅਧਿਕਾਰੀਆਂ ਨੇ ਚੁੱਪੀ ਧਾਰਨ ਕੀਤੀ ਹੋਈ ਹੈ । ਇਲਾਕਾ ਪੁਲਸ ਦੇ ਇਕ ਅਧਿਕਾਰੀ ਨੇ ਇਹ ਕਹਿ ਕੇ ਪੂਰੇ ਮਾਮਲੇ ਤੋਂ ਪੱਲਾ ਝਾੜ ਲਿਆ ਕਿ ਦੋਵਾਂ ਧਿਰਾਂ ''ਚ ਸਮਝੌਤਾ ਹੋ ਗਿਆ ਹੈ, ਜਦੋਂ ਕਿ ਇਸ ਘਟਨਾ ਨੂੰ ਲੈ ਕੇ ਵਿਰੋਧੀ ਦਲ ਸਰਗਰਮ ਹੋ ਗਿਆ ਹੈ ਅਤੇ ਉਹ ਪੁਲਸ ਨੂੰ ਆੜੇ ਹੱਥੀਂ ਲੈਣ ਲਈ ਤਿਆਰ ਹੈ । 


Gurminder Singh

Content Editor

Related News