ਖੇਤਾਂ ’ਚ ਕੰਮ ਕਰਦੇ ਕਿਸਾਨ ਦੀ ਸੱਪ ਦੇ ਡੰਗਣ ਨਾਲ ਮੌਤ, 5 ਧੀਆਂ ਦੇ ਸਿਰ 'ਤੋਂ ਉੱਠਿਆ ਪਿਓ ਦਾ ਸਾਇਆ
Wednesday, Aug 04, 2021 - 07:00 PM (IST)
ਬਾਲਿਆਂਵਾਲੀ (ਸ਼ੇਖਰ): ਆਪਣੇ ਖੇਤ ਵਿਚ ਕੰਮ ਕਰ ਰਹੇ ਇਕ ਦਲਿਤ ਪਰਿਵਾਰ ਦੇ ਗਰੀਬ ਕਿਸਾਨ ਜਗਸੀਰ ਸਿੰਘ ਉਰਫ ਸੀਰਾ ਵਾਸੀ ਬਾਲਿਆਂਵਾਲੀ ਦੀ ਸੱਪ ਦੇ ਕੱਟਣ ਨਾਲ ਮੌਤ ਹੋਣ ਦਾ ਸਮਾਚਾਰ ਹੈ, ਜਿਸ ਕਾਰਨ ਪੂਰੇ ਨਗਰ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਗਸੀਰ ਸਿੰਘ ਉਰਫ ਸੀਰਾ (42) ਇਕ ਗਰੀਬ ਕਿਸਾਨ ਸੀ, ਜਿਸ ਕੋਲ ਆਪਣੀ ਜ਼ਮੀਨ ਬਹੁਤ ਘੱਟ ਸੀ ਅਤੇ ਜ਼ਮੀਨ ਠੇਕੇ ’ਤੇ ਲੈ ਕੇ ਵਾਹੀ ਕਰਦਾ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਾਬੀ ਨੌਜਵਾਨਾਂ ਵੱਲੋਂ ਪੁਲਸ ਮੁਲਾਜ਼ਮਾਂ ’ਤੇ ਹਮਲਾ, ਗੱਡੀ ਦੇ ਸ਼ੀਸ਼ੇ ਤੋੜੇ
ਜਗਸੀਰ ਸਿੰਘ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ, ਜਿਸ ’ਤੇ ਉਸ ਦੀਆਂ 5 ਕੁਆਰੀਆਂ ਧੀਆਂ, ਪਤਨੀ ਤੇ ਬਜ਼ੁਰਗ ਮਾਤਾ-ਪਿਤਾ ਨਿਰਭਰ ਸਨ। ਮ੍ਰਿਤਕ ਦੀ ਪਤਨੀ ਬਲਜਿੰਦਰ ਕੌਰ ਨੇ ਥਾਣਾ ਬਾਲਿਆਂਵਾਲੀ ਦੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਜਗਸੀਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੇਤਾਂ ਵਿਚ ਕੰਮ ਕਰਨ ਗਿਆ, ਜਦ ਉਹ ਆਪਣੀ ਫਸਲ ਨੂੰ ਸਪਰੇਅ ਦਾ ਛਿੜਕਾਅ ਕਰ ਰਿਹਾ ਸੀ ਤਾਂ ਅਚਾਨਕ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਮਾਰਿਆ। ਜ਼ਹਿਰ ਪੂਰੇ ਸਰੀਰ ’ਚ ਫੈਲ ਜਾਣ ਕਾਰਨ ਹਾਲਤ ਗੰਭੀਰ ਹੋਣ ਲੱਗੀ ਤੇ ਉਸ ਨੂੰ ਡਾਕਟਰੀ ਸਹਾਇਤਾ ਲਈ ਸਰਕਾਰੀ ਹਸਪਤਾਲ ਰਾਮਪੁਰਾ ਵਿਖੇ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਕਰ ਕੇ ਉਸ ਨੂੰ ਮ੍ਰਿਤਕ ਐਲਾਨ ਕਰਦਿਆਂ ਪੋਸਟਮਾਰਟਮ ਕਰ ਕੇ ਲਾਸ਼ ਵਾਰਸਾਂ ਹਵਾਲੇ ਕੀਤੀ।
ਇਹ ਵੀ ਪੜ੍ਹੋ : ਘਰੋਂ ਜ਼ਿਆਦਾ ਮਾਲ ਨਹੀਂ ਮਿਲਿਆ ਤਾਂ ਚੋਰਾਂ ਨੇ 1 ਮਹੀਨੇ ਦੇ ਬੱਚੇ ਨੂੰ ਚੁੱਕ ਕੇ ਪਾ ਲਿਆ ਬੈਗ ’ਚ
ਇਸ ਸਬੰਧੀ ਕਿਸਾਨ ਆਗੂ ਮਹਿੰਦਰ ਸਿੰਘ ਕੱਲੂ, ਮਾ. ਸੁਖਦੇਵ ਸਿੰਘ ਜਵੰਦਾ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਜਗਸੀਰ ਸਿੰਘ ਦੇ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ ਕਰਨ ਤੇ ਪਰਿਵਾਰ ਨੂੰ ਮੁਆਵਜ਼ੇ ਦੇ ਨਾਲ ਆਰਥਿਕ ਸਹਾਇਤਾ ਸਮੇਤ ਇਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਪੁਲਸ ਥਾਣਾ ਬਾਲਿਆਂਵਾਲੀ ਦੇ ਐੱਸ. ਐੱਚ. ਓ. ਦਰਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਬਲਜਿੰਦਰ ਕੌਰ ਵੱਲੋਂ ਲਿਖਵਾਏ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਗੁਰਨਾਮ ਚਢੂਨੀ ਵੱਲੋਂ ਮਿਸ਼ਨ ਪੰਜਾਬ ਦਾ ਆਗਾਜ਼, ਬਲਬੀਰ ਰਾਜੇਵਾਲ 'ਤੇ ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?