ਅਜੀਬ ਅਪਰਾਧ : ਕਸ਼ਮੀਰ ਘਾਟੀ ''ਚੋਂ ਮੁਰਦੇ ਚੋਰੀ ਕਰ ਕੇ ਭੇਜੇ ਜਾ ਰਹੇ ਹਨ ਪਾਕਿਸਤਾਨ
Saturday, Nov 23, 2019 - 02:42 PM (IST)
![ਅਜੀਬ ਅਪਰਾਧ : ਕਸ਼ਮੀਰ ਘਾਟੀ ''ਚੋਂ ਮੁਰਦੇ ਚੋਰੀ ਕਰ ਕੇ ਭੇਜੇ ਜਾ ਰਹੇ ਹਨ ਪਾਕਿਸਤਾਨ](https://static.jagbani.com/multimedia/2019_11image_14_42_006295273smuggling.jpg)
ਗੁਰਦਾਸਪੁਰ (ਵਿਨੋਦ) : ਕਸ਼ਮੀਰ ਘਾਟੀ 'ਚ ਪਹਿਲਾਂ ਪਸ਼ੂਆਂ ਦੀ ਪਾਕਿਸਤਾਨ ਨੂੰ ਸਮਗਲਿੰਗ ਕੀਤੀ ਜਾਂਦੀ ਸੀ ਪਰ ਹੁਣ ਉੱਥੇ ਕਬਰਾਂ 'ਚੋਂ ਲਾਸ਼ਾਂ ਕੱਢ ਕੇ ਪਾਕਿਸਤਾਨ ਭੇਜੇ ਜਾਣ ਦੀ ਜਾਣਕਾਰੀ ਮਿਲੀ ਹੈ। ਬੇਸ਼ੱਕ ਇਸ ਸਬੰਧੀ ਭਾਰਤ ਸਰਕਾਰ ਅਤੇ ਕਸ਼ਮੀਰ ਸਰਕਾਰ ਦੇ ਧਿਆਨ 'ਚ ਮਾਮਲਾ ਨਾ ਆਇਆ ਹੋਵੇ ਪਰ ਪਾਕਿਸਤਾਨ 'ਚ ਲਗਭਗ ਸਾਰੇ ਮੈਡੀਕਲ ਕਾਲਜਾਂ 'ਚ ਸਿੱਖਿਆ ਲਈ ਜਿਨ੍ਹਾਂ ਮਨੁੱਖੀ ਪਿੰਜਰਾਂ ਨੂੰ ਵਰਤਿਆ ਜਾ ਰਿਹਾ ਹੈ, 'ਚ ਵਧੇਰੇ ਭਾਰਤੀ ਕਸ਼ਮੀਰ ਤੋਂ ਪਾਕਿਸਤਾਨ ਚੋਰੀ ਭੇਜੇ ਗਏ ਮੁਰਦੇ ਹਨ ਪਰ ਇਸ ਦੇ ਨਾਲ-ਨਾਲ ਪਾਕਿਸਤਾਨ ਦੇ ਕਬਰਿਸਤਾਨ ਤੋਂ ਵੀ ਕਬਰਾਂ 'ਚੋਂ ਮੁਰਦੇ ਚੋਰੀ ਹੋਣ ਦੀ ਗੱਲ ਸਾਹਮਣੇ ਆਈ ਹੈ।
ਸਰਹੱਦ ਪਾਰ ਸੂਤਰਾਂ ਅਨੁਸਾਰ ਬੀਤੇ ਦਿਨੀਂ ਪਾਕਿਸਤਾਨ ਜ਼ਿਆਦਾਤਰ ਕਸ਼ਮੀਰ 'ਚ ਪਾਕਿਸਤਾਨ ਸੈਨਾ ਨੇ ਇਕ ਮਰਦ ਅਤੇ ਇਕ ਔਰਤ ਦੀ ਲਾਸ਼ ਨੂੰ ਭਾਰਤ ਤੋਂ ਪਾਕਿਸਤਾਨ 'ਚ ਲੈ ਕੇ ਜਾਂਦੇ ਹੋਏ ਕੁਝ ਲੋਕਾਂ ਨੂੰ ਫੜਿਆ ਸੀ। ਜਦ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਹਿਲੇ ਤਾਂ ਹਿਰਾਸਤ 'ਚ ਲਏ ਲੋਕਾਂ ਨੇ ਇਹ ਬਿਆਨ ਦਿੱਤਾ ਕਿ ਇਹ ਮ੍ਰਿਤਕ ਸਾਡੇ ਰਿਸ਼ਤੇਦਾਰ ਹਨ ਅਤੇ ਇਨ੍ਹਾਂ ਨੂੰ ਆਪਣੇ ਪਿੰਡ ਲੈ ਕੇ ਜਾ ਰਹੇ ਹਾਂ ਪਰ ਲਾਸ਼ਾਂ 'ਤੇ ਲੱਗੀ ਮਿੱਟੀ ਕਾਰਨ ਪਾਕਿਸਤਾਨ ਸੈਨਾ ਨੂੰ ਸ਼ੱਕ ਹੋ ਗਿਆ, ਜਿਸ 'ਤੇ ਸਖਤੀ ਨਾਲ ਪੁੱਛਗਿੱਛ ਕਰਨ 'ਤੇ ਹਿਰਾਸਤ 'ਚ ਲਏ ਪਾਕਿਸਤਾਨੀ ਨਾਗਰਿਕਾਂ ਨੇ ਕਬੂਲ ਕਰ ਲਿਆ ਕਿ ਇਹ ਦੋਵੇਂ ਹੀ ਲਾਸ਼ਾਂ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਕਬਰ 'ਚੋਂ ਚੋਰੀ ਕਰ ਕੇ ਪਾਕਿਸਤਾਨ ਮੰਗਵਾਈਆਂ ਗਈਆਂ ਹਨ। ਦੋਸ਼ੀਆਂ ਨੇ ਕਬੂਲ ਕੀਤਾ ਕਿ ਇਹ ਦੋਵੇਂ ਲਾਸ਼ਾਂ ਕਰਾਚੀ ਦੇ ਇਕ ਮੈਡੀਕਲ ਕਾਲਜ ਨੂੰ ਮੋਟੀ ਰਕਮ ਲੈ ਕੇ ਸਪਲਾਈ ਕਰਨੀਆਂ ਹਨ।
ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ 'ਚ ਮਾਮਲਾ ਲਿਆਉਣ 'ਤੇ ਕਰਾਚੀ ਸਮੇਤ ਹੋਰ ਸ਼ਹਿਰਾਂ 'ਚ ਚੱਲ ਰਹੇ ਮੈਡੀਕਲ ਕਾਲਜਾਂ 'ਚ ਛਾਪੇਮਾਰੀ ਕਰਨ 'ਤੇ ਇਨ੍ਹਾਂ ਕਾਲਜਾਂ 'ਚੋਂ ਕਈ ਹੋਰ ਲਾਸ਼ਾਂ ਲੈੱਬ ਅਤੇ ਵਿਦਿਆਰਥੀਆਂ ਦੇ ਕਮਰਿਆਂ 'ਚੋਂ ਬਰਾਮਦ ਹੋਈਆਂ ਹਨ। ਕੁਝ ਵਿਦਿਆਰਥੀਆਂ ਦੇ ਕਮਰਿਆਂ 'ਚੋਂ ਮਨੁੱਖੀ ਸਰੀਰ ਦੀਆਂ ਹੱਡੀਆਂ ਦੇ ਪਿੰਜਰ ਬਰਾਮਦ ਹੋਏ, ਜਿਸ 'ਤੇ ਜਾਂਚ 'ਚ ਪਾਇਆ ਗਿਆ ਕਿ ਇਹ ਸਾਰੀਆਂ ਲਾਸ਼ਾਂ ਅਤੇ ਮਨੁੱਖੀ ਪਿੰਜਰ ਕਬਰਿਸਤਾਨ 'ਚੋਂ ਚੋਰੀ ਕਰ ਕੇ ਕਾਲਜ 'ਚ ਲਿਆਂਦੇ ਗਏ ਹਨ ਅਤੇ ਇਸ ਸਾਰੇ ਕੰਮ ਦੇ ਪਿੱਛੇ ਇਕ ਬਹੁਤ ਸ਼ਕਤੀਸ਼ਾਲੀ ਗਿਰੋਹ ਹੈ, ਜੋ ਇਹ ਕਾਰੋਬਾਰ ਬੀਤੇ ਕਈ ਸਾਲਾਂ ਤੋਂ ਕਰਦਾ ਆ ਰਿਹਾ ਹੈ। ਬੇਸ਼ੱਕ ਇਸ ਸਕੈਂਡਲ ਨੂੰ ਪਾਕਿਸਤਾਨ ਸਰਕਾਰ ਨੇ ਆਪਣੀ ਤਾਕਤ ਨਾਲ ਦਬਾ ਦਿੱਤਾ ਹੈ ਅਤੇ ਇਸ ਸਬੰਧੀ ਕਿਸੇ ਵੀ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ. ਤੱਕ ਦਰਜ ਨਹੀਂ ਹੋਣ ਦਿੱਤੀ ਗਈ ਪਰ ਕੁਝ ਲੋਕਾਂ ਨੇ ਇਸ ਮਾਮਲੇ ਨੂੰ ਇਸ ਲਈ ਚੁੱਕਿਆ ਹੈ ਕਿਉਂਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਵੀ ਕਬਰਿਸਤਾਨ 'ਚੋਂ ਲਾਸ਼ਾਂ ਚੋਰੀ ਹੋਣ ਦੀ ਰਿਪੋਰਟ ਪੁਲਸ ਕੋਲ ਦਰਜ ਸੀ ਜਦਕਿ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਤੋਂ ਇਕ ਵੀ ਰਿਪੋਰਟ ਕਿਸੇ ਵੀ ਪੁਲਸ ਸਟੇਸ਼ਨ 'ਚ ਦਰਜ ਨਹੀਂ ਹੈ ਪਰ ਜਾਣਕਾਰੀ ਅਨੁਸਾਰ ਭਾਰਤੀ ਕਸ਼ਮੀਰ ਤੋਂ ਲਗਭਗ 300 ਤੋਂ ਜ਼ਿਆਦਾ ਲਾਸ਼ਾਂ ਕਬਰਿਸਤਾਨ 'ਚੋਂ ਚੋਰੀ ਕਰ ਕੇ ਪਾਕਿਸਤਾਨ ਭੇਜੀਆਂ ਜਾ ਚੁੱਕੀਆਂ ਹਨ।