ਤਸਕਰੀ ਰਾਹੀਂ ਚੰਡੀਗੜ੍ਹ ਤੋਂ ਪੰਜਾਬ ਲਿਆਂਦੀ ਜਾ ਰਹੀ 7 ਲੱਖ ਰੁਪਏ ਤੋਂ ਵੱਧ ਦੀ ਸ਼ਰਾਬ ਆਬਕਾਰੀ ਵਿਭਾਗ ਵਲੋਂ ਜ਼ਬਤ

Tuesday, Jan 03, 2023 - 04:28 PM (IST)

ਤਸਕਰੀ ਰਾਹੀਂ ਚੰਡੀਗੜ੍ਹ ਤੋਂ ਪੰਜਾਬ ਲਿਆਂਦੀ ਜਾ ਰਹੀ 7 ਲੱਖ ਰੁਪਏ ਤੋਂ ਵੱਧ ਦੀ ਸ਼ਰਾਬ ਆਬਕਾਰੀ ਵਿਭਾਗ ਵਲੋਂ ਜ਼ਬਤ

ਚੰਡੀਗੜ੍ਹ/ਫਤਿਹਗੜ੍ਹ ਸਾਹਿਬ : ਨਵੇਂ ਸਾਲ ਦੀ ਸ਼ੁਰੂਆਤ ਵਿਚ ਹੀ ਇਕ ਵੱਡੀ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਫਤਿਹਗੜ੍ਹ ਸਾਹਿਬ ਅਤੇ ਆਬਕਾਰੀ ਪੁਲਸ ਨੇ 7 ਲੱਖ ਰੁਪਏ ਦੀ ਅੰਦਾਜ਼ਨ ਕੀਮਤ ਵਾਲੀ ਭਾਰਤ ਵਿਚ ਬਣੀ ਵਿਦੇਸ਼ੀ ਸ਼ਰਾਬ (ਆਈ. ਐੱਮ. ਐੱਫ. ਐੱਲ) ਦੀਆਂ 300 ਪੇਟੀਆਂ ਜ਼ਬਤ ਕੀਤੀਆਂ, ਜੋ ਤਸਕਰੀ ਰਾਹੀਂ ਚੰਡੀਗੜ੍ਹ ਤੋਂ ਪੰਜਾਬ ਲਿਆਂਦੀਆਂ ਗਈਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਬਕਾਰੀ ਪੁਲਸ ਵੱਲੋਂ ਇਕ ਸੂਚਨਾ ’ਤੇ ਕਾਰਵਾਈ ਕਰਦਿਆਂ ਸੋਮਵਾਰ ਦੇਰ ਸ਼ਾਮ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਮਾਧੋਪੁਰ ਨੇੜੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਇਕ ਕੈਂਟਰ ਨੰਬਰ ਪੀ. ਬੀ. 03 ਬੀ. ਐੱਚ. 1683 ਨੂੰ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਗੱਡੀ ਵਿਚੋਂ ਆਈ. ਐੱਮ. ਐੱਫ. ਐੱਲ. ਦੀਆਂ 300 ਪੇਟੀਆਂ ਜਿਨ੍ਹਾਂ ’ਤੇ ‘ਸਿਰਫ ਚੰਡੀਗੜ੍ਹ 'ਚ ਵਿਕਰੀ ਲਈ’ ਲਿਖਿਆ ਹੋਇਆ ਸੀ, ਬਰਾਮਦ ਕੀਤੀਆਂ ਗਈਆਂ।

ਇਨ੍ਹਾਂ ਪੇਟੀਆਂ ਵਿਚੋਂ ਤਿੰਨ ਵੱਖ-ਵੱਖ ਬ੍ਰਾਂਡਾਂ ਦੀ ਸ਼ਰਾਬ, '999' ਬ੍ਰਾਂਡ ਦੀ ਬੋਤਲ ਐਮਪਾਇਰ ਅਲਕੋਬਰੇਵ, ਪਲਾਟ ਨੰ. 58 ਇੰਡਸਟਰੀਅਲ ਏਰੀਆ ਚੰਡੀਗੜ੍ਹ ਅਤੇ 'ਨੈਨਾ' ਬ੍ਰਾਂਡ ਦੀਆਂ ਬੋਤਲਾਂ ਰੌਕ ਐਂਡ ਸਟੌਰਮ ਬੋਟਲਿੰਗ ਪਲਾਂਟ, ਪਲਾਟ ਨੰ. 214, ਇੰਡਸਟਰੀਅਲ ਏਰੀਆ ਚੰਡੀਗੜ੍ਹ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵਿਭਾਗ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸ਼ਰਾਬ ਦੀ ਤਸਕਰੀ ਵਿਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ। ਬੁਲਾਰੇ ਨੇ ਦੱਸਿਆ ਕਿ ਵਿੱਤ ਮੰਤਰੀ ਨੇ ਵਿਭਾਗ ਨੂੰ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿਰੁੱਧ ਬਰਦਾਸ਼ਤ ਨਾ ਕਰਨ ਦੀ ਨੀਤੀ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।

 


author

Gurminder Singh

Content Editor

Related News