ਐਕਸਾਈਜ਼ ਵਿਭਾਗ ਨੇ ਕਮਿਸ਼ਨਰੇਟ ਪੁਲਸ ਨਾਲ ਕੀਤੀ ਵੱਡੀ ਕਾਰਵਾਈ : ਚੰਡੀਗੜ੍ਹ ਮਾਰਕਾ ਸ਼ਰਾਬ ਸਮੇਤ ਸਮੱਗਲਰ ਕਾਬੂ

Sunday, Oct 13, 2024 - 02:55 PM (IST)

ਜਲੰਧਰ (ਪੁਨੀਤ) – ਐਕਸਾਈਜ਼ ਵਿਭਾਗ ਵੱਲੋਂ ਕਮਿਸ਼ਨਰੇਟ ਪੁਲਸ ਨਾਲ ਮਿਲ ਕੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਵਿਚ ਚੰਡੀਗੜ੍ਹ ਮਾਰਕਾ ਮਹਿੰਗੀ ਸ਼ਰਾਬ, ਬੀਅਰ ਅਤੇ ਹਿਮਾਚਲ ਦੀ ਦੇਸੀ ਸ਼ਰਾਬ ਬਰਾਮਦ ਕਰਦੇ ਹੋਏ ਮੁਲਜ਼ਮ ਸਮੱਗਲਰ ਨੂੰ ਕਾਬੂ ਕੀਤਾ ਗਿਆ ਹੈ। ਕਾਰ ਵਿਚ ਸ਼ਰਾਬ, ਬੀਅਰ ਅਤੇ ਦੇਸੀ ਸ਼ਰਾਬ ਦੀਆਂ ਬੋਤਲਾਂ ਦੀ ਗਿਣਤੀ ਸੈਂਕੜਿਆਂ ਵਿਚ ਦੱਸੀ ਜਾ ਰਹੀ ਹੈ ਅਤੇ ਮੁਲਜ਼ਮ ਵੀ ਮਾਡਲ ਟਾਊਨ ਦਾ ਨਿਵਾਸੀ ਦੱਸਿਆ ਗਿਆ ਹੈ।

ਐਕਸਾਈਜ਼ ਦੇ ਡਿਪਟੀ ਕਮਿਸ਼ਨਰ ਸੁਰਿੰਦਰ ਗਰਗ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਸਿਸਟੈਂਟ ਕਮਿਸ਼ਨਰ ਨਵਜੀਤ ਸਿੰਘ ਵੱਲੋਂ ਸ਼ਨੀਵਾਰ ਸਵੇਰੇ ਤੜਕਸਾਰ ਮਾਡਲ ਟਾਊਨ ਵਿਚ ਨਾਕਾਬੰਦੀ ਕਰਵਾਈ ਗਈ, ਜਿਸ ਵਿਚ ਹਾਂਡਾ ਇਮੇਜ ਕਾਰ ਨੂੰ ਰੋਕਿਆ ਗਿਆ, ਜਿਸ ਵਿਚੋਂ ਉਕਤ ਸ਼ਰਾਬ ਬਰਾਮਦ ਕੀਤੀ ਗਈ। ਇਸ ਮੌਕੇ ਐਕਸਾਈਜ਼ ਵਿਭਾਗ ਦੇ ਨਾਲ ਥਾਣਾ ਨੰਬਰ 6 ਦੀ ਪੁਲਸ ਟੀਮ ਵੀ ਮੌਜੂਦ ਰਹੀ ਅਤੇ ਮੁਲਜ਼ਮ ਨੂੰ ਤੁਰੰਤ ਪ੍ਰਭਾਵ ਨਾਲ ਹਿਰਾਸਤ ਵਿਚ ਲੈ ਲਿਆ ਗਿਆ।

ਡੀ. ਸੀ. ਐਕਸਾਈਜ਼ ਸੁਰਿੰਦਰ ਗਰਗ ਅਤੇ ਨਵਜੀਤ ਿਸੰਘ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਵਾਈ ਜਾ ਰਹੀ ਹੈ। ਇਸੇ ਸਿਲਸਿਲੇ ਵਿਚ ਅੱਜ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਮਾਡਲ ਟਾਊਨ ਵਿਚ ਨਾਕਾਬੰਦੀ ਦੀ ਯੋਜਨਾ ਬਣਾਈ ਗਈ, ਜਿਸ ਵਿਚ ਵਿਭਾਗ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ।

ਬਰਾਮਦਗੀ ਅਤੇ ਘਟਨਾਕ੍ਰਮ ਬਾਰੇ ਉਨ੍ਹਾਂ ਦੱਸਿਆ ਕਿ ਨਾਕਾਬੰਦੀ ਦੀ ਅਗਵਾਈ ਐਕਸਾਈਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ, ਜਿਸ ਵਿਚ ਜਸਪਾਲ ਿਸੰਘ, ਸੁਨੀਲ ਗੁਪਤਾ ਅਤੇ ਹੋਰ ਸਹਿਯੋਗੀ ਸਟਾਫ ਵੀ ਮੌਜੂਦ ਰਿਹਾ। ਗਰਗ ਨੇ ਦੱਿਸਆ ਿਕ ਮਾਡਲ ਟਾਊਨ ਨਿਵਾਸੀ ਰਾਜਿੰਦਰ ਸਿੰਘ ਤੋਂ ਉਕਤ ਬਰਾਮਦਗੀ ਕਰਦੇ ਹੋਏ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਥਾਣਾ ਨੰਬਰ 6 ਵਿਚ ਐੱਫ. ਆਈ. ਆਰ. ਨੰਬਰ 226, ਮਿਤੀ 12 ਅਕਤੂਬਰ ਤਹਿਤ ਪਰਚਾ ਦਰਜ ਕੀਤਾ ਿਗਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ਰਾਬ ਸਬੰਧੀ ਤਫਤੀਸ਼ ਜਾਰੀ ਹੈ।

ਸ਼ਰਾਬ ਦੀਆਂ ਬੋਤਲਾਂ ਤੋਂ ਮਿਟਾਇਆ ਗਿਆ ਹੋਲੋਗ੍ਰਾਮ

ਕਾਰ ਵਿਚੋਂ ਮਹਿੰਗੀ ਸਕਾਚ ਬਲੈਕ ਲੇਬਲ ਵੀ ਬਰਾਮਦ ਹੋਈ ਹੈ। ਉਕਤ ਬੋਤਲਾਂ ਤੋਂ ਟ੍ਰੈਕ ਕਰਨ ਵਾਲਾ ਸਟਿੱਕਰ ਅਤੇ ਹੋਲੋਗ੍ਰਾਮ ਹਟਾਇਆ ਜਾ ਚੁੱਕਾ ਸੀ। ਦੂਜੇ ਪਾਸੇ ਬਡਵਾਈਜ਼ਰ ਬੀਅਰ ਦੇ ਚੰਡੀਗੜ੍ਹ ਵਿਚ ਵਿਕਰੀ ਹੋਣ ਵਾਲੇ ਕੈਨ ਬਰਾਮਦ ਹੋਏ ਹਨ। ਇਸੇ ਤਰ੍ਹਾਂ ਕਿੰਗਫਿਸ਼ਰ ਅਲਟਰਾ ਦੇ ਕੈਨ ਵੀ ਬਰਾਮਦ ਹੋਏ ਦੱਸੇ ਗਏ ਹਨ। ਹਿਮਾਚਲ ਪ੍ਰਦੇਸ਼ ਵਿਚ ਵਿਕਰੀ ਵਾਲੀ ਸੰਤਰਾ ਮਾਰਕਾ ਸ਼ਰਾਬ ਦੀ ਖੇਪ ਬਰਾਮਦ ਹੋਈ ਹੈ।

ਟੀਮਾਂ ਐਕਟਿਵ, ਵੱਡੀ ਕਾਰਵਾਈ ਦੀ ਤਿਆਰੀ : ਗਰਗ

ਡਿਪਟੀ ਕਮਿਸ਼ਨਰ ਸੁਰਿੰਦਰ ਗਰਗ ਨੇ ਸਾਫ ਕਿਹਾ ਕਿ ਪੰਜਾਬ ਵਿਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸਖ਼ਤੀ ਕੀਤੀ ਜਾ ਰਹੀ ਹੈ। ਇਸੇ ਸਿਲਸਿਲੇ ਵਿਚ ਵਿਭਾਗ ਵੱਲੋਂ ਸਤਲੁਜ ਕੰਢੇ ਚਲਾਈ ਗਈ ਮੁਹਿੰਮ ਦੌਰਾਨ ਵੱਡੇ ਪੱਧਰ ’ਤੇ ਦੇਸੀ ਲਾਹਣ ਬਰਾਮਦ ਕੀਤੀ ਗਈ ਹੈ। ਵਿਭਾਗੀ ਕਾਰਵਾਈ ਜਾਰੀ ਹੈ ਅਤੇ ਟੀਮਾਂ ਐਕਟਿਵ ਹਨ। ਇਸੇ ਸਿਲਸਿਲੇ ਵਿਚ ਜਲਦ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।

 


Harinder Kaur

Content Editor

Related News