ਸਮੱਗਲਰਾਂ ਵੱਲੋਂ ਪੁਲਸ ਕਰਮਚਾਰੀਆਂ ''ਤੇ ਹਮਲਾ, ਇਕ ਜ਼ਖਮੀ

Wednesday, Jun 24, 2020 - 09:34 PM (IST)

ਸਮੱਗਲਰਾਂ ਵੱਲੋਂ ਪੁਲਸ ਕਰਮਚਾਰੀਆਂ ''ਤੇ ਹਮਲਾ, ਇਕ ਜ਼ਖਮੀ

ਫਾਜ਼ਿਲਕਾ, (ਨਾਗਪਾਲ, ਲੀਲਾਧਰ)– ਫਾਜ਼ਿਲਕਾ ਉਪਮੰਡਲ ਦੇ ਤਹਿਤ ਥਾਣਾ ਅਰਨੀਵਾਲਾ ਦੇ ਪੁਲਸ ਕਰਮੀਆਂ ’ਤੇ ਸਮੱਗਲਰਾਂ ਵੱਲੋਂ ਹਮਲਾ ਕੀਤੇ ਜਾਣ ਮਗਰੋਂ ਪੁਲਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਥਾਣਾ ’ਚ ਤੈਨਾਤ ਪੰਜਾਬ ਹੋਮ ਦੇ ਜਵਾਨ ਮੇਜਰ ਸਿੰਘ (53) ਵੱਲੋਂ ਦਰਜ਼ ਰਿਪੋਰਟ ਮੁਤਾਬਕ ਉਹ ਅਤੇ ਇਕ ਹੋਰ ਹੋਮਗਾਰਡ ਜਿਸਦਾ ਨਾਂ ਵੀ ਮੇਜਰ ਸਿੰਘ ਸੀ ਬੀਤੀ ਰਾਤ ਆਪਣੀ ਕਾਰ ’ਚ ਨੇਡ਼ੇ ਹੀ ਆਪਣੇ ਘਰ ਰੋਟੀ ਖਾਣ ਲਈ ਜਾ ਰਹੇ ਸਨ। ਜਦੋਂ ਉਹ ਮੰਡੀ ਅਰਨੀਵਾਲਾ ਦੀ ਟਿੱਬਾ ਬਸਤੀ ’ਚ ਜਗਦੀਸ਼ ਸਿੰਘ ਦੇ ਘਰ ਦੇ ਸਾਹਮਣੇ ਪੁੱਜੇ ਤਾਂ ਉਥੇ ਜਗਦੀਸ਼ ਸਿੰਘ ਅਤੇ ਉਸਦੇ ਪੁੱਤਰ ਗੋਬਿੰਦਾ, ਸਾਜਨ ਸਿੰਘ ਅਤੇ ਜਗਦੀਸ਼ ਸਿੰਘ ਦਾ ਵੱਡ਼ਾ ਲਡ਼ਕਾ ਜਿਸਦਾ ਨਾਂ ਉਹ ਨਹੀਂ ਜਾਣਦੇ ਗਲੀ ’ਚ ਖਡ਼੍ਹੇ ਸਨ। ਉਨ੍ਹਾਂ ਨੇ ਉਸਦੀ ਕਾਰ ਦੇ ਪਿਛਲੇ ਸ਼ੀਸ਼ੇ ’ਤੇ ਇੱਟ ਮਾਰੀ ਅਤੇ ਕਾਰ ਦਾ ਸ਼ੀਸ਼ਾ ਭੰਨ੍ਹ ਦਿੱਤਾ। ਇਸ ਦੌਰਾਨ ਦੋਵ੍ਹੇਂ ਪੁਲਸ ਕਰਮੀ ਕਾਰ ’ਚੋਂ ਹੇਠਾਂ ਉਤਰੇ ਤਾਂ ਜਗਦੀਸ਼ ਸਿੰਘ ਅਤੇ ਹੋਰਾਂ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇੰਨੇ ’ਚ ਉਨ੍ਹਾਂ ਨੇ ਉਥੇ ਛਿੰਦਾ ਸਿੰਘ, ਚੰਨੀ, ਕੁਲਦੀਪ ਸਿੰਘ, ਤਲਵਿੰਦਰ ਸਿੰਘ, ਭੋਲੂ ਨੂੰ ਵੀ ਬੁਲਾ ਲਿਆ, ਜਿਨ੍ਹਾਂ ਨੇ ਪਹਿਲਾਂ ਇਨ੍ਹਾਂ ਨਾਲ ਬਹਿਸਬਾਜ਼ੀ ਕੀਤੀ ਅਤੇ ਕਹਿਣ ਲੱਗੇ ਕਿ ਤੁਸੀਂ ਉਨ੍ਹਾਂ ਦੀਆਂ ਨਾਜਾਇਜ਼ ਸ਼ਰਾਬ ਅਤੇ ਸੱਟੇਬਾਜੀ ਦੀ ਮੁੱਖਬਰੀ ਕਰਦੇ ਹੋ ਅਤੇ ਫਿਰ ਬਿਆਨਕਰਤਾ ਮੇਜਰ ਸਿੰਘ ਨਾਲ ਖਿੱਚ-ਧੂਹ ਅਤੇ ਕੁੱਟ-ਮਾਰ ਕੀਤੀ। ਉਨ੍ਹਾਂ ਨੇ ਉਸਦਾ ਮੋਬਾਇਲ, ਪਰਸ ਅਤੇ ਕਾਰ ਦੀ ਚਾਬੀ ਵੀ ਕੱਢ ਲਈ। ਜਿਸ ਮਗਰੋਂ ਉਸਦੇ ਸਾਥੀ ਮੇਜਰ ਸਿੰਘ ਨੇ ਪੁਲਸ ਨੂੰ ਇਤਲਾਹ ਦਿੱਤੀ ਅਤੇ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਭਰਤੀ ਕਰਵਾਇਆ। ਮੇਜਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨਾਜਾਇਜ਼ ਸ਼ਰਾਬ, ਸੱਟੇਬਾਜੀ ਅਤੇ ਹੋਰ ਗੈਰਕਾਨੂੰਨੀ ਕੰਮ ਕਰਦੇ ਹਨ, ਜਿਸ ਕਾਰਣ ਪੁਲਸ ਅਕਸਰ ਇਨ੍ਹਾਂ ਦੇ ਘਰਾਂ ’ਚ ਛਾਪੇਮਾਰੀ ਕਰਦੀ ਹੈ, ਜਿਸਦੀ ਰੰਜਿਸ਼ ’ਚ ਇਨ੍ਹਾਂ ਨੇ ਉਸ ਨਾਲ ਕੁੱਟ-ਮਾਰ ਕੀਤੀ।

ਥਾਣਾ ਅਰਨੀਵਾਲਾ ਦੇ ਇੰਚਾਰਜ਼ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਪੁਲਸ ਨੇ ਇਨ੍ਹਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਭੱਟੀ ਨੇ ਦੱਸਿਆ ਕਿ ਚਾਹੇ ਕੁਝ ਵੀ ਹੋ ਜਾਏ ਉਹ ਗੈਰਕਾਨੂੰਨੀ ਸਮੱਗਲਰਾਂ ਦੇ ਖਿਲਾਫ ਮੁਹਿੰਮ ਜਾਰੀ ਰੱਖੀ ਜਾਵੇਗੀ।


author

Bharat Thapa

Content Editor

Related News