ਨਸ਼ਾ ਸਮੱਗਲਿੰਗ ਅਤੇ ਨਾਜਾਇਜ਼ ਹਥਿਆਰਾਂ ਦੇ ਮਾਮਲੇ ''ਚ ਗੈਂਗਸਟਰ ਤਲਵਿੰਦਰ ਸਿੰਘ ਨਿੱਕੂ ਦੇ ਭਰਾ ਦੀ ਪੁਲਸ ਨਾਲ ਲੁੱਕਣ-ਮੀਟੀ

Friday, Sep 01, 2017 - 03:31 AM (IST)

ਨਸ਼ਾ ਸਮੱਗਲਿੰਗ ਅਤੇ ਨਾਜਾਇਜ਼ ਹਥਿਆਰਾਂ ਦੇ ਮਾਮਲੇ ''ਚ ਗੈਂਗਸਟਰ ਤਲਵਿੰਦਰ ਸਿੰਘ ਨਿੱਕੂ ਦੇ ਭਰਾ ਦੀ ਪੁਲਸ ਨਾਲ ਲੁੱਕਣ-ਮੀਟੀ

ਹਲਵਾਰਾ(ਮਨਦੀਪ)-ਅਤਿਆਧੁਨਿਕ 30 ਬੋਰ ਦੀ ਬੰਦੂਕ, 32 ਬੋਰ ਦੇ ਰਿਵਾਲਵਰ ਅਤੇ ਭਾਰੀ ਮਾਤਰਾ 'ਚ ਕਾਰਤੂਸਾਂ ਸਮੇਤ ਕਰੀਬ 5 ਕਵਿੰਟਲ ਭੁੱਕੀ ਚੂਰੇ ਦੀ ਬਰਾਮਦਗੀ ਦੇ ਉਪਰੋਥਲੀ ਦਰਜ ਹੋਏ 2 ਮੁਕੱਦਮਿਆਂ 'ਚ ਪਿਛਲੇ ਤਿੰਨ ਹਫਤਿਆਂ ਤੋਂ ਗੈਂਗਸਟਰ ਤਲਵਿੰਦਰ ਸਿੰਘ ਨਿੱਕੂ ਦਾ ਭਰਾ ਵੀ ਲੁਧਿਆਣਾ ਪੁਲਸ ਨਾਲ ਲੁੱਕਣ-ਮੀਟੀ ਖੇਡ ਰਿਹਾ ਹੈ। ਬੈਂਕ ਡਕੈਤੀ ਅਤੇ ਕਤਲ ਦੇ ਮਾਮਲੇ ਸਮੇਤ ਹੋਰ ਅਨੇਕਾਂ ਕੇਸਾਂ 'ਚ ਲੋੜੀਂਦੇ ਗੈਂਗਸਟਰ ਤਲਵਿੰਦਰ ਸਿੰਘ ਨਿੱਕੂ ਵਾਸੀ ਪਿੰਡ ਸੁਧਾਰ (ਨੇੜੇ ਖਾਰਾ ਖੂਹ) ਜੋ ਇਕ ਕਿਲੋ ਨਸ਼ੀਲੇ ਪਾਊਡਰ ਅਤੇ ਨਾਜਾਇਜ਼ ਹਥਿਆਰਾਂ ਸਮੇਤ ਮੋਗਾ ਜ਼ਿਲੇ ਦੀ ਪੁਲਸ ਦੇ ਧੱਕੇ ਚੜ੍ਹਿਆ ਸੀ, ਦੀ ਗ੍ਰਿਫਤਾਰੀ ਤੋਂ ਐਨ ਇਕ ਦਿਨ ਪਹਿਲਾਂ ਹੀ ਲੁਧਿਆਣਾ ਦੇ ਸਦਰ ਥਾਣੇ ਦੀ ਪੁਲਸ ਦੇ ਥਾਣੇਦਾਰ ਬਲਕਾਰ ਸਿੰਘ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਤਲਵਿੰਦਰ ਸਿੰਘ ਨਿੱਕੂ ਦੇ ਜੱਦੀ ਪਿੰਡ ਦਾਦ ਦੀ ਠਾਕਰ ਕਾਲੋਨੀ ਸਥਿਤ ਘਰ 'ਚ ਜਦੋਂ ਛਾਪਾ ਮਾਰਿਆ ਤਾਂ 2 ਕਵਿੰਟਲ 71 ਕਿਲੋਗਰਾਮ ਭੁੱਕੀ ਚੂਰਾ ਸਮੇਤ ਅਤਿਅਆਧੁਨਿਕ .30 ਬੋਰ ਦੀ ਗੰਨ, 25 ਕਾਰਤੂਸ, .32 ਬੋਰ ਦਾ ਰਿਵਾਲਵਰ ਸਮੇਤ 67 ਕਾਰਤੂਸ ਬਰਾਮਦ ਕਰਕੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਦੇ ਕਾਨੂੰਨ ਅਤੇ ਅਸਲਾ ਐਕਟ ਤਹਿਤ ਨਿੱਕੂ ਦੇ ਭਰਾ ਜਸਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਿਰੁਧ ਮੁਕੱਦਮਾ ਦਰਜ ਕੀਤਾ ਸੀ ਪਰ ਜਸਵਿੰਦਰ ਸਿੰਘ ਪੁਲਸ ਨੂੰ ਚਕਮਾ ਦੇ ਕੇ ਰਫੂਚੱਕਰ ਹੋਣ 'ਚ ਸਫਲ ਰਿਹਾ ਸੀ। ਇਸੇ ਦੌਰਾਨ ਥਾਣਾ ਸਦਰ ਦੇ ਹੀ ਵਧੀਕ ਥਾਣਾ ਮੁੱਖੀ ਐੱਸ. ਆਈ. ਜਸਵੀਰ ਸਿੰਘ ਨੇ ਪੱਖੋਵਾਲ ਰੋਡ ਉਪਰ ਨਾਕਾਬੰਦੀ ਦੌਰਾਨ ਇਕ ਸਵਿਫਟ ਕਾਰ ਆਉਂਦੀ ਦੇਖੀ ਤਾਂ ਇਸ 'ਚ ਸਵਾਰ ਗੈਂਗਸਟਰ ਤਲਵਿੰਦਰ ਸਿੰਘ ਨਿੱਕੂ ਦੇ ਭਰਾ ਜਸਵਿੰਦਰ ਸਿੰਘ ਨੇ ਕਾਰ ਪਿੱਛੇ ਮੋੜਕੇ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮਾੜੀ ਕਿਸਮਤ ਨੂੰ ਕਾਰ ਬੰਦ ਹੋ ਗਈ ਅਤੇ ਜਸਵਿੰਦਰ ਸਿੰਘ ਇਸ ਮੌਕੇ ਵੀ ਫਰਾਰ ਹੋਣ 'ਚ ਕਾਮਯਾਬ ਰਿਹਾ। ਇਸ 'ਚ ਸਵਾਰ ਨਵਜੋਤ ਸਿੰਘ ਜੋਤੀ ਵਾਸੀ ਪਾਲਮ ਵਿਹਾਰ ਕਾਲੋਨੀ ਪਿੰਡ ਦਾਦ 2 ਕਵਿੰਟਲ ਹੋਰ ਭੁੱਕੀ ਚੂਰਾ ਸਮੇਤ ਪੁਲਸ ਦੇ ਧੱਕੇ ਚੜ੍ਹ ਗਿਆ। ਗੈਂਗਸਟਰ ਨਿੱਕੂ ਦੇ ਪਰਿਵਾਰਕ ਮੈਂਬਰ ਪੁਲਸ ਦੇ ਭਾਰੀ ਦਬਾਅ ਕਾਰਨ ਅਦਾਲਤਾਂ ਦੀ ਸ਼ਰਨ ਲੈਣ ਲਈ ਯਤਨਸ਼ੀਲ ਹਨ। ਉਧਰ ਲੁਧਿਆਣਾ ਸਦਰ ਥਾਣੇ ਦੀ ਪੁਲਸ ਤੋਂ ਇਲਾਵਾ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲਗਾਤਾਰ ਉਸ ਦੀ ਭਾਲ ਲਈ ਛਾਪੇਮਾਰੀ ਕਰ ਰਹੀਆਂ ਹਨ।
ਕੀ ਕਹਿਣਾ ਹੈ ਥਾਣਾ ਮੁੱਖੀ ਦਾ? : ਇਸ ਬਾਰੇ ਸੁਖਦੇਵ ਸਿੰਘ ਬਰਾੜ ਐੱਸ. ਐੱਚ. ਓ. ਥਾਣਾ ਸਦਰ ਲੁਧਿਆਣਾ ਨੇ ਕਿਹਾ ਕਿ ਜਸਵਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਉਨ੍ਹਾਂ ਇਹ ਵੀ ਕਿਹਾ ਕਿ ਗੈਂਗਸਟਰ ਤਲਵਿੰਦਰ ਸਿੰਘ ਨਿੱਕੂ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਲਈ ਲਿਆਂਦਾ ਜਾਵੇਗਾ।
ਕੀ ਕਹਿਣਾ ਹੈ ਐੱਸ. ਐੱਸ. ਪੀ. ਲੁਧਿਆਣਾ (ਦਿਹਾਤੀ) ਦਾ? : ਇਸ ਸਬੰਧੀ ਲੁਧਿਆਣਾ (ਦਿਹਾਤੀ) ਪੁਲਸ ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਨੇ ਕਿਹਾ ਕਿ ਗੈਂਗਸਟਰ ਨਿੱਕੂ ਨੂੰ ਅਨੇਕਾਂ ਮਾਮਲਿਆਂ 'ਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਮੋਗਾ ਅਦਾਲਤ 'ਚ ਲਿਆਂਦਾ ਜਾਵੇਗਾ।


Related News