ਅਕਾਲੀ ਨੇਤਾ ਦੇ ਖਾਸਮਖਾਸ ਦੀ 1 ਲੱਖ ਦੀ ਸਕੌਚ ਸਣੇ ਸਮੱਗਲਰ ਚੜ੍ਹਿਆ ਐਂਟੀ ਨਾਰਕੋਟਿਕ ਸੈੱਲ ਦੇ ਹੱਥੇ

Wednesday, Dec 20, 2017 - 06:26 AM (IST)

ਅਕਾਲੀ ਨੇਤਾ ਦੇ ਖਾਸਮਖਾਸ ਦੀ 1 ਲੱਖ ਦੀ ਸਕੌਚ ਸਣੇ ਸਮੱਗਲਰ ਚੜ੍ਹਿਆ ਐਂਟੀ ਨਾਰਕੋਟਿਕ ਸੈੱਲ ਦੇ ਹੱਥੇ

ਲੁਧਿਆਣਾ (ਰਿਸ਼ੀ)-ਮਹਿੰਗੀ ਸ਼ਰਾਬ ਦੀ ਸਮੱਗਲਿੰਗ ਕਰਨ ਵਾਲਾ ਇਕ ਸਮੱਗਲਰ ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਦੇ ਹੱਥੇ ਚੜ੍ਹ ਗਿਆ। ਉਸ ਕੋਲੋਂ ਬਰਾਮਦ ਸ਼ਰਾਬ ਇਕ ਅਕਾਲੀ ਨੇਤਾ ਦੇ ਖਾਸਮਖਾਸ ਦੀ ਨਿਕਲੀ, ਜਿਸ ਨੂੰ ਪੁਲਸ ਨੇ ਮਾਮਲੇ 'ਚ ਨਾਮਜ਼ਦ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਸੈੱਲ ਦੇ ਮੁਖੀ ਇੰਸਪੈਕਟਰ ਸੁਰਿੰਦਰਪਾਲ ਅਨੁਸਾਰ ਫੜੇ ਗਏ ਸਮੱਗਲਰ ਦੀ ਪਛਾਣ ਹੈਬੋਵਾਲ ਦੇ ਰਹਿਣ ਵਾਲੇ ਰਾਜ ਕੁਮਾਰ ਤੇ ਫਰਾਰ ਅਕਾਲੀ ਨੇਤਾ ਦੇ ਚਹੇਤੇ ਦੀ ਪਛਾਣ ਰਾਜਾ ਦੇ ਰੂਪ 'ਚ ਹੋਈ ਹੈ। ਪੁਲਸ ਨੇ ਦੋਵਾਂ ਖਿਲਾਫ ਥਾਣਾ ਡਵੀਜ਼ਨ ਨੰ. 2 ਵਿਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੰਗਲਵਾਰ ਨੂੰ ਪੁਲਸ ਪਾਰਟੀ ਈਸਾ ਨਗਰੀ ਕੋਲ ਮੌਜੂਦ ਸੀ, ਕਾਰ ਸਵਾਰ ਸਮੱਗਲਰ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਕਾਰ ਭਜਾ ਲਈ, ਜਿਸ ਤੋਂ ਬਾਅਦ ਪੁਲਸ ਨੇ ਪਿੱਛਾ ਕਰ ਕੇ ਦਬੋਚਿਆ ਤਾਂ ਕਾਰ 'ਚੋਂ ਲਗਭਗ 1 ਲੱਖ ਦੀ ਕੀਮਤ ਦੀਆਂ 6 ਬੋਤਲਾਂ ਗਲੇਨਲਿਵੇਟ ਤੇ 100-ਪਾਈਪਰ ਦੀਆਂ 33 ਬੋਤਲਾਂ ਬਰਾਮਦ ਹੋਈਆਂ, ਜਿਸ ਦੇ ਬਾਅਦ ਪੁਲਸ ਨੇ ਉਸ ਦੀ ਨਿਸ਼ਾਨਦੇਹੀ 'ਤੇ 84 ਹੋਰ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਲਗਭਗ 7 ਮਹੀਨਿਆਂ ਤੋਂ ਸਕੌਚ ਦੀ ਸਮੱਗਲਿੰਗ ਕਰ ਰਿਹਾ ਹੈ, ਪਿਛਲੀ ਸਰਕਾਰ 'ਚ ਅਕਾਲੀ ਨੇਤਾ ਦੇ ਸ਼ਰਾਬ ਦੇ ਠੇਕੇ ਸਨ ਤੇ ਉਸ ਦਾ ਖਾਸਮਖਾਸ ਹੀ ਉਸ ਦਾ ਸਾਰਾ ਕੰਮ ਦੇਖਦਾ ਸੀ, ਇਸੇ ਕਾਰਨ ਉਨ੍ਹਾਂ ਦੀ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨਾਲ ਜਾਣ-ਪਛਾਣ ਸੀ। ਇਸ ਦਾ ਫਾਇਦਾ ਉਠਾ ਕੇ ਉਹ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਵਾਉਣ ਲੱਗ ਪਿਆ।


Related News