ਅਦਾਲਤ ਨੇ ਹੈਰੋਇਨ ਦੇ ਤਸਕਰ ਨੂੰ 10 ਸਾਲ ਦੀ ਸੁਣਾਈ ਕੈਦ, ਜੁਰਮਾਨਾ ਵੀ ਲਾਇਆ
Friday, Feb 10, 2023 - 01:25 PM (IST)
ਚੰਡੀਗੜ੍ਹ (ਸੁਸ਼ੀਲ) : ਐੱਨ. ਡੀ. ਪੀ. ਐੱਸ. ਐਕਟ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਵੀਰਵਾਰ ਨੂੰ ਸੈਕਟਰ-52 ਨਿਵਾਸੀ ਹਰਪਾਲ ਉਰਫ਼ ਰਾਜੂ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਹਰਪਾਲ ਉਰਫ਼ ਰਾਜੂ ’ਤੇ 50 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਨਾ ਦੇਣ ’ਤੇ 2 ਸਾਲ ਦੀ ਸਜ਼ਾ ਹੋਰ ਕੱਟਣੀ ਹੋਵੇਗੀ। ਅਦਾਲਤ ਨੇ ਹਰਪਾਲ ਉਰਫ਼ ਰਾਜੂ ਨੂੰ ਬੁੱਧਵਾਰ ਦੋਸ਼ੀ ਕਰਾਰ ਦਿੱਤਾ ਸੀ। ਦਰਜ ਮਾਮਲਾ 4 ਸਤੰਬਰ, 2021 ਦਾ ਹੈ।
ਆਪਰੇਸ਼ਨ ਸੈੱਲ 'ਚ ਤਾਇਨਾਤ ਸਬ-ਇੰਸਪੈਕਟਰ ਰਮੇਸ਼ ਕੁਮਾਰ ਪੁਲਸ ਜਵਾਨਾਂ ਦੇ ਨਾਲ ਸੈਕਟਰ-7 ਮਧਿਆਮਾਰਗ ’ਤੇ ਗਸ਼ਤ ਕਰ ਰਹੇ ਸਨ। ਜਦੋਂ ਪੁਲਸ ਟੀਮ ਇੰਡੀਅਨ ਬੈਂਕ ਦੇ ਪਿੱਛੇ ਪਹੁੰਚੀ ਤਾਂ ਸਾਹਮਣੇ 7/26 ਦੀ ਵਿਭਾਜਿਤ ਸੜਕ ਤੋਂ ਇੱਕ ਸ਼ੱਕੀ ਨੌਜਵਾਨ ਆਉਂਦਾ ਹੋਇਆ ਵਿਖਾਈ ਦਿੱਤਾ। ਪੁਲਸ ਨੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗਾ। ਥੋੜ੍ਹੀ ਦੂਰ ਜਾ ਕੇ ਪੁਲਸ ਨੇ ਮੁਲਜ਼ਮ ਹਰਪਾਲ ਉਰਫ਼ ਰਾਜੂ ਨੂੰ ਦਬੋਚ ਲਿਆ।
ਉਹ ਆਪਣੀ ਜੇਬ ਵਿਚੋਂ ਪਲਾਸਟਿਕ ਦਾ ਲਿਫ਼ਾਫ਼ਾ ਕੱਢ ਕੇ ਸੁੱਟਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਲਿਫ਼ਾਫੇ ਅੰਦਰੋਂ 111 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਆਪਰੇਸ਼ਨ ਸੈੱਲ ਨੇ ਹੈਰੋਇਨ ਨੂੰ ਜ਼ਬਤ ਕਰ ਕੇ ਮੁਲਜ਼ਮ ਹਰਪਾਲ ਖ਼ਿਲਾਫ਼ ਸੈਕਟਰ-26 ਪੁਲਸ ਥਾਣੇ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।