ਧਰਨਾ ਲਾ ਕੇ ਕੀਤੀ ਖਾਲਿਸਤਾਨ ਦੇ ਸਮਰਥਨ ''ਚ ਨਾਅਰੇਬਾਜ਼ੀ
Wednesday, Feb 07, 2018 - 07:40 AM (IST)

ਸਮਾਣਾ (ਦਰਦ/ਅਸ਼ੋਕ) - ਭਿੰਡਰਾਂਵਾਲੇ ਦੇ ਜਨਮ ਦਿਨ ਸਬੰਧੀ ਵੜੈਚਾਂ ਰੋਡ 'ਤੇ ਲਾਇਆ ਫਲੈਕਸ ਬੋਰਡ ਅਣਪਛਾਤੇ ਲੋਕਾਂ ਵਲੋਂ ਉਤਾਰ ਕੇ ਲਿਜਾਣ ਕਾਰਨ ਗੁੱਸੇ 'ਚ ਆਏ ਅਕਾਲੀ ਦਲ (ਅ) ਦੇ ਵਰਕਰਾਂ ਵਲੋਂ ਸਰੂਪ ਸਿੰਘ ਸੰਧਾ ਦੀ ਅਗਵਾਈ 'ਚ ਹਸਪਤਾਲ ਰੋਡ 'ਤੇ ਧਰਨਾ ਲਾ ਕੇ ਰਸਤਾ ਜਾਮ ਕੀਤਾ ਗਿਆ। ਉਨ੍ਹਾਂ ਖਾਲਿਸਤਾਨ ਤੇ ਭਿੰਡਰਾਂਵਾਲੇ ਦੇ ਸਮਰਥਨ 'ਚ ਨਾਅਰੇਬਾਜ਼ੀ ਕਰ ਕੇ ਫਲੈਕਸ ਬੋਰਡ ਉਤਾਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਧਰਨੇ 'ਤੇ ਬੈਠੇ ਜਰਨੈਲ ਸਿੰਘ ਮਾਨ ਨੇ ਦੱਸਿਆ ਕਿ ਈਸਾਈ ਭਾਈਚਾਰੇ ਵੱਲੋਂ ਭਿੰਡਰਾਂਵਾਲੇ ਦੇ ਜਨਮ ਦਿਨ ਸਬੰਧੀ ਵੜੈਚਾਂ ਰੋਡ 'ਤੇ ਇਕ ਫਲੈਕਸ ਬੋਰਡ ਲਾਇਆ ਗਿਆ ਸੀ, ਜਿਸ ਨੂੰ ਸੋਮਵਾਰ ਰਾਤ ਕੋਈ ਉਤਾਰ ਕੇ ਲੈ ਗਿਆ। ਧਰਨੇ ਦੌਰਾਨ ਹਸਪਤਾਲ 'ਚ ਆਉਣ-ਜਾਣ ਵਾਲੇ ਮਰੀਜ਼ਾਂ ਅਤੇ ਕਾਲਜ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੂਚਨਾ ਮਿਲਣ 'ਤੇ ਸਿਟੀ ਥਾਣਾ ਮੁਖੀ ਕਰਨੈਲ ਸਿੰਘ ਤੇ ਲਾਭ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਪ੍ਰਦਰਸ਼ਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ। ਇਸ ਮੌਕੇ ਅਕਾਲੀ ਦਲ (ਅ) ਨੇਤਾ ਰਾਜਿੰਦਰ ਸਿੰਘ ਛੰਨਾ, ਪਰਮਜੀਤ ਸਿੰਘ, ਹਰਦੀਪ ਸਿੰਘ, ਈਸਾਈ ਭਾਈਚਾਰੇ ਦੇ ਵਾਲੰਟੀਅਰ ਵੀ ਮੌਜੂਦ ਸਨ।