ਸੀਵਰੇਜ ਕਰਮਚਾਰੀ ਯੂਨੀਅਨ ਵੱਲੋਂ ਨਾਅਰੇਬਾਜ਼ੀ
Tuesday, Jan 30, 2018 - 04:48 AM (IST)
ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਸੀਵਰੇਜ ਕਰਮਚਾਰੀ ਯੂਨੀਅਨ ਵੱਲੋਂ ਨਗਰ ਨਿਗਮ ਮੋਗਾ 'ਚ ਸੀਵਰਮੈਨਾਂ ਨੂੰ ਪੱਕਾ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਧਾਨ ਸ਼ਾਮ ਲਾਲ ਦੀ ਅਗਵਾਈ 'ਚ ਗੇਟ ਰੈਲੀ ਕਰ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਮ ਲਾਲ ਨੇ ਕਿਹਾ ਕਿ ਨਗਰ ਨਿਗਮ ਮੋਗਾ ਨੂੰ ਬਣੇ ਲਗਭਗ 6 ਸਾਲ ਹੋ ਗਏ ਹਨ। ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਅਨੁਸਾਰ ਪੰਜਾਬ ਸਰਕਾਰ ਵੱਲੋਂ ਜੋ ਕਾਰਪੋਰੇਸ਼ਨ ਮੋਗਾ ਬਣਾਇਆ ਗਿਆ ਹੈ, ਉਸ ਦੇ ਅਨੁਸਾਰ ਕਾਰਪੋਰੇਸ਼ਨ ਦੀਆਂ ਸਾਰੀਆਂ ਅਸਾਮੀਆਂ ਵੀ ਸਰਕਾਰ ਵੱਲੋਂ ਪੱਕੇ ਤੌਰ 'ਤੇ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਅਸਾਮੀਆਂ ਨੂੰ ਭਰਨਾ ਤਾਂ ਕੀ ਸੀ, ਬਲਕਿ ਇਨ੍ਹਾਂ ਕੱਚੇ ਸੀਵਰਮੈਨਾਂ ਨੂੰ ਵੀ ਹਟਾ ਦਿੱਤਾ ਗਿਆ। ਇਸ ਦੇ ਰੋਸ ਵਜੋਂ ਕਰਮਚਾਰੀਆਂ ਵੱਲੋਂ ਗੇਟ ਰੈਲੀ ਕਰ ਕੇ ਆਪਣੀ ਹੜਤਾਲ ਸ਼ੁਰੂ ਕਰ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਜੇਕਰ 59 ਕੱਚੇ ਸੀਵਰਮੈਨਾਂ ਨੂੰ ਤੁਰੰਤ ਪੱਕਾ ਨਾ ਕੀਤਾ ਗਿਆ ਤਾਂ ਅਸੀਂ ਮਜਬੂਰ ਹੋ ਕੇ ਸੰਘਰਸ਼ ਨੂੰ ਪ੍ਰਦੇਸ਼ ਪੱਧਰ 'ਤੇ ਲੈ ਕੇ ਜਾਵਾਂਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਗੇਟ ਰੈਲੀ 'ਚ ਸਕੱਤਰ ਬਿੱਟੂ, ਸੀਨੀਅਰ ਉਪ ਪ੍ਰਧਾਨ ਰੂਪ ਚੰਦ, ਰਾਮ ਕ੍ਰਿਸ਼ਨ, ਚੇਅਰਮੈਨ ਵਿਜੇ ਕੁਮਾਰ, ਰਿੰਕੂ, ਅਜੇ, ਸ਼ੰਕਰ, ਜੁਗਨੂੰ ਆਦਿ ਯੂਨੀਅਨ ਦੇ ਮੈਂਬਰ ਹਾਜ਼ਰ ਸਨ।
ਦੋ ਵਾਰ ਮਰਨ ਵਰਤ 'ਤੇ ਬੈਠ ਚੁੱਕੇ ਹਨ ਸੱਤਪਾਲ ਅੰਜਾਨ
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਸੀਵਰੇਜ ਕਰਮਚਾਰੀ ਯੂਨੀਅਨ ਦੇ ਸਰਪ੍ਰਸਤ ਸੱਤਪਾਲ ਅੰਜਾਨ ਉਕਤ 59 ਕੱਚੇ ਕਰਮਚਾਰੀਆਂ ਨੂੰ ਪੱਕਾ ਕਰਵਾਉਣ ਲਈ ਲਗਾਤਾਰ ਦੋ ਵਾਰ ਮਰਨ ਵਰਤ 'ਤੇ ਬੈਠੇ ਚੁੱਕੇ ਸਨ। ਮੇਅਰ ਅਤੇ ਵਿਧਾਇਕ ਵੱਲੋਂ ਉਨ੍ਹਾਂ ਨੂੰ ਜੂਸ ਪਿਲਾਅ ਕੇ ਮਰਨ ਵਰਤ ਤੋਂ ਉਠਾਇਆ ਗਿਆ ਸੀ ਕਿ ਇਨ੍ਹਾਂ ਕੱਚੇ ਸੀਵਰਮੈਨਾਂ ਨੂੰ ਪੱਕਾ ਕੀਤਾ ਜਾਵੇ ਪਰ ਦੁੱਖ ਦੀ ਗੱਲ ਇਹ ਹੈ ਕਿ ਕੱਚੇ ਸੀਵਰਮੈਨਾਂ, ਜਿਨ੍ਹਾਂ ਨੂੰ 15-15 ਸਾਲ ਦਾ ਸਮਾਂ ਕੰਮ ਕਰਦਿਆਂ ਨੂੰ ਹੋ ਗਿਆ ਹੈ, ਨੂੰ ਕੰਮ ਤੋਂ ਹਟਾ ਦਿੱਤਾ ਗਿਆ।
