ਲੋਕਾਂ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ
Monday, Sep 18, 2017 - 11:37 PM (IST)
ਬਟਾਲਾ, (ਸੈਂਡੀ)- ਪਿੰਡ ਢਡਿਆਲਾ ਨੱਤ ਵਿਖੇ ਗਰੀਬ ਦਲਿਤ ਪਰਿਵਾਰਾਂ ਵੱਲੋਂ ਸਰਕਾਰ ਦੀਆਂ ਵਧੀਕੀਆਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸੰਬੰਧੀ ਗੱਲਬਾਤ ਕਰਦਿਆਂ ਦਿਆਲ ਚੰਦ ਸਰਪੰਚ, ਚਰਨਜੀਤ ਸਿੰਘ, ਸੁਰਜੀਤ ਸਿੰਘ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਨੇ ਜੱਟ ਭਾਈਚਾਰੇ ਦੇ ਕਰਜ਼ੇ ਅਤੇ ਬਿਜਲੀ ਦੇ ਬਿੱਲ ਤਾਂ ਮੁਆਫ ਕਰ ਦਿੱਤੇ ਹਨ ਪਰ ਗਰੀਬ ਪਰਿਵਾਰਾਂ ਦੇ ਮੁਆਫ ਬਿੱਲਾਂ ਨੂੰ ਫਿਰ ਚਾਲੂ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦੇ ਬਿੱਲਾਂ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਸਮੇਂ 'ਚ ਇਕ ਮਜ਼ਦੂਰ ਕਿਵੇਂ ਹਜ਼ਾਰਾਂ ਰੁਪਏ ਬਿੱਲ ਅਦਾ ਕਰੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕਈ ਲੋਕ-ਹਿੱਤਕਾਰੀ ਵਾਅਦੇ ਕੀਤੇ ਸਨ ਅਤੇ ਕਿਹਾ ਸੀ ਕਿ ਗਰੀਬਾਂ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣਗੇ ਪਰ ਹੋ ਤਾਂ ਉਲਟ ਗਿਆ। ਇਸ ਤੋਂ ਇਲਾਵਾ ਗਰੀਬਾਂ ਦੇ ਮੁਆਫ ਹੋਏ ਬਿਜਲੀ ਦੇ ਬਿੱਲ ਦੁਬਾਰਾ ਸ਼ੁਰੂ ਕਰ ਦਿੱਤੇ ਹਨ, ਜੋ ਕਿ ਦਲਿਤ ਪਰਿਵਾਰਾਂ ਨਾਲ ਸਰਾਸਰ ਧੱਕਾ ਹੈ। ਗਰੀਬ ਪਰਿਵਾਰਾਂ ਨੇ ਹਲਕਾ ਵਿਧਾਇਕ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਾਡੇ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣ, ਆਟਾ-ਦਾਲ ਸਕੀਮ ਚਾਲੂ ਕੀਤੀ ਜਾਵੇ।
