ਸਿਵਲ ਹਸਪਤਾਲ ਦੇ ਬਾਹਰ ਐਂਗਲ ਲਾਉਣ ਵਿਰੁੱਧ ਨਾਅਰੇਬਾਜ਼ੀ

Wednesday, Feb 07, 2018 - 07:13 AM (IST)

ਸਿਵਲ ਹਸਪਤਾਲ ਦੇ ਬਾਹਰ ਐਂਗਲ ਲਾਉਣ ਵਿਰੁੱਧ ਨਾਅਰੇਬਾਜ਼ੀ

ਕਪੂਰਥਲਾ, (ਗੁਰਵਿੰਦਰ ਕੌਰ)- ਸਿਵਲ ਹਸਪਤਾਲ ਦੇ ਬਾਹਰ ਸੜਕ 'ਤੇ 6-6 ਫੁੱਟ ਐਂਗਲ ਲਾਉਣ ਵਿਰੁੱਧ ਰੋਸ ਵਜੋਂ ਏਕਤਾ ਪਾਰਟੀ ਕਪੂਰਥਲਾ ਦੇ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਮਹਿਰਾ ਵੱਲੋਂ ਆਪਣੇ ਸਾਥੀਆਂ ਸਮੇਤ ਨਾਅਰੇਬਾਜ਼ੀ ਕੀਤੀ ਗਈ। ਮੰਗ ਕੀਤੀ ਕਿ ਸੜਕ 'ਤੇ ਕਿਸੇ ਵੀ ਤਰ੍ਹਾਂ ਦੇ ਐਂਗਲ ਨਾ ਲਾਏ ਜਾਣ। ਅਜਿਹਾ ਕਰਨ ਨਾਲ ਇਥੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਤੋਂ ਬਾਅਦ ਸਿਵਲ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਐਂਗਲ ਲਾਉਣੇ ਬੰਦ ਕਰ ਦਿੱਤੇ ਗਏ। 
ਗੁਰਮੀਤ ਲਾਲ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈ. ਓ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਸੜਕ ਦੇ ਕਿਨਾਰਿਓਂ ਰੇਹੜੀਆਂ ਹਟਵਾ ਕੇ ਸੜਕ ਖੁੱਲ੍ਹੀ ਕੀਤੀ ਗਈ ਹੈ। ਹੁਣ ਹਸਪਤਾਲ ਵੱਲੋਂ ਐਂਗਲ ਲਾ ਕੇ ਸੜਕ 'ਤੇ ਆਵਾਜਾਈ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਏਕਤਾ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਲਈ ਬਹੁਤ ਜਲਦ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 
ਕੀ ਕਹਿੰਦੇ ਹਨ ਈ. ਓ.?
ਇਸ ਸਬੰਧੀ ਜਦੋਂ ਨਗਰ ਕੌਂਸਲ ਕਪੂਰਥਲਾ ਦੇ ਈ. ਓ. ਕੁਲਭੂਸ਼ਣ ਗੋਇਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਿਵਲ ਹਸਪਤਾਲ ਦਾ  ਹੈ। ਨਗਰ ਕੌਂਸਲ ਵੱਲੋਂ ਬੀਤੇ ਦਿਨੀਂ ਹਸਪਤਾਲ ਦੇ ਬਾਹਰ ਨਾਜਾਇਜ਼ ਤੌਰ 'ਤੇ ਲੱਗੀਆਂ ਰੇਹੜੀਆਂ ਨੂੰ ਹਟਾਇਆ ਗਿਆ ਸੀ। ਭਵਿੱਖ 'ਚ ਵੀ ਕਿਸੇ ਤਰ੍ਹਾਂ ਦੀ ਕੋਈ ਰੇਹੜੀ ਨਾਜਾਇਜ਼ ਤੌਰ 'ਤੇ ਇਥੇ ਨਹੀਂ ਲੱਗਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੇਹੜੀਆਂ ਨੂੰ ਹਸਪਤਾਲ ਦੇ ਬਾਹਰ ਦੁਬਾਰਾ ਲੱਗਣ ਤੋਂ ਰੋਕਣ ਲਈ ਉਥੇ ਗਰੀਨ ਬੈਲਟ ਵੀ ਬਣਾਈ ਜਾ ਸਕਦੀ ਹੈ। 


Related News