ਮੰਗਾਂ ਨੂੰ ਲੈ ਕੇ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ

Tuesday, Jun 13, 2017 - 03:18 AM (IST)

ਮੰਗਾਂ ਨੂੰ ਲੈ ਕੇ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ

ਮਜੀਠਾ,   (ਸਰਬਜੀਤ) -  ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਸਬ ਅਰਬਨ ਮੰਡਲ ਅੰਮ੍ਰਿਤਸਰ ਬਿਜਲੀ ਨਿਗਮ/ਟ੍ਰਾਂਸਕੋ ਦੀ ਇਕੱਤਰਤਾ ਡਵੀਜ਼ਨ ਪ੍ਰਧਾਨ ਰਾਮ ਲੁਭਾਇਆ ਮਜੀਠਾ ਦੀ ਪ੍ਰਧਾਨਗੀ 'ਚ ਬਿਜਲੀ ਘਰ ਮਜੀਠਾ ਵਿਖੇ ਹੋਈ, ਜਿਸ 'ਚ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਗਈ। 
ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਨਵੀਂ ਬਣੀ ਪੰਜਾਬ ਸਰਕਾਰ ਕੋਲ ਪੈਨਸ਼ਨਰਾਂ ਦੀਆਂ ਮੰਗਾਂ ਦੀ ਆਵਾਜ਼ ਪਹੁੰਚਾਉਣ ਲਈ ਸਮੁੱਚੇ ਪੰਜਾਬ 'ਚ ਸਰਕਲ ਕਨਵੈਨਸ਼ਨਾਂ ਕੀਤੀਆਂ ਗਈਆਂ ਹਨ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਸੂਬਾ ਕਮੇਟੀ ਨਾਲ ਮੀਟਿੰਗ ਕਰ ਕੇ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਜਿਸ ਤਰ੍ਹਾਂ ਹਿੰਦੋਸਤਾਨ ਦੇ ਪੰਜ ਸੂਬਿਆਂ ਮੱਧ ਪ੍ਰਦੇਸ, ਛੱਤੀਸਗੜ੍ਹ, ਉੱਤਰਾਖੰਡ, ਯੂ.ਪੀ. ਤੇ ਦਿੱਲੀ 'ਚ ਪੈਨਸ਼ਨਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਯੂਨਿਟਾਂ ਦੀ ਰਿਆਇਤ ਦਿੱਤੀ ਜਾ ਰਹੀ ਹੈ ਉਸੇ ਤਰਜ਼ 'ਤੇ ਪੰਜਾਬ ਦੇ ਪੈਨਸ਼ਨਰਾਂ ਨੂੰ ਵੀ ਬਿਜਲੀ ਯੂਨਿਟਾਂ ਦੀ ਰਿਆਇਤ ਦਿੱਤੀ ਜਾਵੇ, ਕੈਸ਼ਲੈੱਸ ਟ੍ਰੀਟਮੈਂਟ ਸਕੀਮ ਨੂੰ ਮੁੜ ਸੁਚਾਰੂ ਢੰਗ ਨਾਲ ਚਾਲੂ ਕੀਤੀ ਜਾਵੇ, ਮੈਡੀਕਲ ਭੱਤਾ 500 ਤੋਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਜਲਦੀ ਲਾਗੂ ਕੀਤਾ ਜਾਵੇ, ਨਵੀਂ ਪੈਨਸ਼ਨ ਸਕੀਮ ਰੱਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਠੇਕਾ ਸਿਸਟਮ ਬੰਦ ਕਰ ਕੇ ਨਵੀਂ ਤੇ ਪੱਕੀ ਭਰਤੀ ਦਾ ਪ੍ਰਬੰਧ ਕੀਤਾ ਜਾਵੇ। ਇਸ ਸਮੇਂ ਆਗੂਆਂ ਨੇ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਇਸ ਮੀਟਿੰਗ ਨੂੰ ਮੰਡਲ ਪ੍ਰਧਾਨ ਰਾਮ ਲੁਭਾਇਆ, ਮੀਤ ਪ੍ਰਧਾਨ ਸੁਖਦੇਵ ਸਿੰਘ ਮਰੜ੍ਹੀ, ਡਵੀਜਨ ਦੇ ਸੀ. ਮੀਤ ਪ੍ਰਧਾਨ ਮਹਿੰਦਰ ਸਿੰਘ ਖਹਿਰਾ, ਮਨੋਹਰ ਲਾਲ ਮਜੀਠਾ, ਹਰਭਜਨ ਸਿੰਘ ਜਲਾਲਪੁਰਾ, ਜਗੀਰ ਸਿੰਘ ਸੋਹੀ, ਜੁਗਿੰਦਰ ਸਿੰਘ ਸੋਹੀ, ਮਨੋਹਰ ਲਾਲ ਮਜੀਠਾ, ਗਰਬਚਨ ਸਿੰਘ ਸੋਹੀ, ਨਿਰਮਲ ਸਿੰਘ ਚੰਦੀ, ਰਵੇਲ ਸਿੰਘ ਗੋਸਲ ਆਦਿ ਆਗੂਆਂ ਨੇ ਸੰਬੋਧਨ ਕੀਤਾ।


Related News