ਨਗਰ ਨਿਗਮ ਅਧਿਕਾਰੀਆਂ ਤੇ ਕੌਂਸਲਰ ਖਿਲਾਫ ਨਾਅਰੇਬਾਜ਼ੀ

Saturday, Aug 18, 2018 - 02:37 AM (IST)

ਨਗਰ ਨਿਗਮ ਅਧਿਕਾਰੀਆਂ ਤੇ ਕੌਂਸਲਰ ਖਿਲਾਫ ਨਾਅਰੇਬਾਜ਼ੀ

ਅੰਮ੍ਰਿਤਸਰ, (ਅਗਨੀਹੋਤਰੀ) - ਸਵੱਛਤਾ ਅਭਿਆਨ ਦੇ ਨਾਂ ’ਤੇ ਨਗਰ ਨਿਗਮ ਉੱਚ ਅਧਿਕਾਰੀਆਂ ਤੇ ਕੌਂਸਲਰਾਂ ਆਦਿ ਵੱਲੋਂ ਹੱਥਾਂ ’ਚ ਝਾਡ਼ੂ ਫਡ਼ ਕੇ ਵਾਰਡਾਂ ’ਚ ਜਾ ਕੇ ਲੋਕਾਂ ਨੂੰ ਸਫਾਈ ਰੱਖਣ ਲਈ ਪ੍ਰੇਰਿਤ ਕੀਤੇ ਜਾਣ ਦੇ ਦਾਅਵੇ ਉਸ ਵੇਲੇ ਖੋਖਲੇ ਸਾਬਿਤ ਹੋਏ ਜਦੋਂ ਹਲਕਾ ਪੱਛਮੀ ਅਧੀਨ ਆਉਂਦੇ ਖੇਤਰ ਕੋਟ ਖਾਲਸਾ ਵਾਰਡ-78 ਦੇ ਇਲਾਕਾ ਨਾਨਕ ਨਿਵਾਸ ਗਲੀ ਬਾਬਾ ਪਿਆਰਾ ਸਿੰਘ ਵਾਲੀ ’ਚ ਪਿਛਲੇ 2 ਮਹੀਨਿਆਂ ਤੋਂ ਸੀਵਰੇਜ ਦੇ ਭਰਨ ਅਤੇ ਗੰਦਾ ਪਾਣੀ ਘਰਾਂ ਦੇ ਅੰਦਰ ਤੱਕ ਆ ਜਾਣ ’ਤੇ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਤੇ ਵਾਰਡ ਕੌਂਸਲਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਨਰਿੰਦਰ ਕੁਮਾਰ ਫੌਜੀ, ਗੁਰਨਾਮ ਸਿੰਘ, ਗੁਰਬਚਨ ਕੌਰ, ਕਿਰਨ ਕੁਮਾਰੀ, ਇੰਦਰਜੀਤ ਕੌਰ, ਨਰਿੰਦਰ ਕੌਰ, ਰਮਨ ਵਾਲੀਆ, ਗੁਰਜੀਤ ਕੌਰ, ਵਰਿੰਦਰ ਕੌਰ, ਮੁਨੀਸ਼ ਕੁਮਾਰ ਆਦਿ ਨੇ ਦੱਸਿਆ ਕਿ ਉਹ ਪਿਛਲੇ 2 ਮਹੀਨਿਆਂ ਤੋਂ ਗੰਦੇ ਪਾਣੀ ਦੇ ਚੈਂਬਰ ਤੇ ਸੀਵਰੇਜ ਦੇ ਭਰ ਜਾਣ ’ਤੇ ਗੰਦਾ ਪਾਣੀ ਉਨ੍ਹਾਂ ਦੇ ਘਰਾਂ ’ਚ ਆ ਰਿਹਾ ਹੈ, ਜਿਸ ਕਾਰਨ ਉਹ ਨਰਕ ਦੀ ਜ਼ਿੰਦਗੀ ਜਿਊਣ ਨੂੰ ਮਜਬੂਰ ਹਨ। ਉਹ ਵਾਰਡ ਕੌਂਸਲਰ ਸੁਖਬੀਰ ਸਿੰਘ ਸੋਨੀ, ਨਗਰ ਨਿਗਮ ਐਕਸੀਅਨ ਨਰੇਸ਼ ਕੁਮਾਰ, ਐੱਸ. ਡੀ. ਓ. ਸ਼ਾਮ ਸੁੰਦਰ ਆਦਿ ਅਧਿਕਾਰੀਆਂ ਨੂੰ ਉਕਤ ਗਲੀਆਂ ਦੇ ਸੀਵਰੇਜ ਸਬੰਧੀ ਸ਼ਿਕਾਇਤਾਂ ਵੀ ਕਰ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਅਧਿਕਾਰੀਆਂ ਤੇ ਕੌਂਸਲਰ ਨੂੰ ਸਮੱਸਿਆ ਹੱਲ ਕਰਵਾਉਣ ਲਈ ਪੁੱਛੇ ਜਾਣ ’ਤੇ ਉਨ੍ਹਾਂ ਵੱਲੋਂ ਹਰ ਵਾਰ ਟਾਲਮਟੋਲ ਕੀਤੀ ਜਾਂਦੀ ਹੈ।
ਮੁਹੱਲਾ ਵਾਸੀਆਂ ਨੇ ਕਿਹਾ ਕਿ ਸੀਵਰੇਜ ਦਾ ਪਾਣੀ ਘਰਾਂ ਦੀਅਾਂ ਨੀਹਾਂ ’ਚ ਜਾ ਰਿਹਾ ਹੈ, ਜਿਸ ਨਾਲ ਕਦੇ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਨਗਰ ਨਿਗਮ ਦੇ ਉੱਚ ਅਧਿਕਾਰੀ ਤੇ ਕੌਂਸਲਰ ਸਫਾਈ ਅਭਿਆਨ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਦਾਅਵੇ ਕਰਦੇ ਹਨ, ਜੋ ਕਿ ਫੋਟੋਆਂ ਖਿਚਵਾਉਣ ਤੱਕ ਹੀ ਸੀਮਤ ਹੁੰਦਾ ਹੈ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਅਾਂ ਕਿਹਾ ਕਿ ਜੇਕਰ ਸਾਨੂੰ ਉਪਰੋਕਤ ਸਮੱਸਿਆ ਤੋਂ ਨਿਜਾਤ ਨਾ ਦਿਵਾਈ ਗਈ ਤਾਂ ਉਹ ਸਮੂਹ ਮੁਹੱਲਾ ਨਿਵਾਸੀਆਂ ਨਾਲ ਨਗਰ ਨਿਗਮ ਦਫਤਰ ਛੇਹਰਟਾ ਦਾ ਘਿਰਾਓ ਕਰਨਗੇ।
 ਮੈਨੂੰ ਉਪਰੋਕਤ ਇਲਾਕੇ ਦੀ ਸਮੱਸਿਆ ਬਾਰੇ ਕੋਈ ਜਾਣਕਾਰੀ ਨਹੀਂ ਹੈ, ਫਿਰ ਵੀ ਜੇਕਰ ਅਜਿਹੀ ਸਮੱਸਿਆ ਲੋਕਾਂ ਨੂੰ ਆ ਰਹੀ ਹੈ ਤਾਂ ਉਸ ਨੂੰ ਹੱਲ ਕਰਵਾ ਦਿੱਤਾ ਜਾਵੇਗਾ।     –ਨਰੇਸ਼ ਕੁਮਾਰ, 
ਐਕਸੀਅਨ ਨਗਰ ਨਿਗਮ


Related News