ਮਾਲਕੀ ਵਾਲੀ ਜਗ੍ਹਾ ''ਤੇ ਕਬਜ਼ਾ ਕਰਨ ਦੇ ਵਿਰੋਧ ''ਚ ਨਾਅਰੇਬਾਜ਼ੀ
Sunday, Dec 03, 2017 - 05:15 PM (IST)
ਚੇਤਨਪੁਰਾ (ਨਿਰਵੈਲ) - ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਪੈਂਦੇ ਪਿੰਡ ਕੋਟਲਾ ਸਦਰ ਵਿਖੇ ਮਾਲਕੀ ਵਾਲੇ ਨੰਬਰੀ ਥਾਂ 'ਤੇ ਕਾਂਗਰਸ ਪਾਰਟੀ ਅਤੇ ਪੁਲਸ ਦੀ ਸ਼ਹਿ 'ਤੇ ਕਬਜ਼ਾ ਕਰਨ ਦੇ ਵਿਰੋਧ 'ਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਜੀਤ ਸਿੰਘ, ਬਲਬੀਰ ਸਿੰਘ, ਇੰਦਰਬੀਰ ਸਿੰਘ, ਸਿਮਰਜੀਤ ਸਿੰਘ, ਗੁਰਭੇਜ ਸਿੰਘ, ਗਗਨਦੀਪ ਸਿੰਘ, ਨਿਸ਼ਾਨ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਕੌਰ, ਸੁਰਜੀਤ ਕੌਰ, ਸਿਮਰਨਜੀਤ ਕੌਰ, ਮਨਦੀਪ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦਰਸ਼ਨ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕੋਟਲਾ ਸਦਰ ਵੱਲੋਂ ਸਿਆਸੀ ਸ਼ਹਿ 'ਤੇ ਸਾਡੀ ਮਾਲਕੀ ਦੇ ਨੰਬਰੀ ਥਾਂ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੰਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੀ ਸ਼ਹਿ 'ਤੇ ਪੁਲਸ ਦੀ ਹਾਜ਼ਰੀ 'ਚ ਸਾਡੀ ਜਗ੍ਹਾ 'ਤੇ ਕਬਜ਼ਾ ਕੀਤਾ ਜਾ ਰਿਹਾ ਸੀ ਤੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੇਡੀਜ਼ ਪੁਲਸ ਅਤੇ ਮੁਲਾਜ਼ਮਾਂ ਵੱਲੋਂ ਡਰਾ-ਧਮਕਾ ਕੇ ਸਾਨੂੰ ਭਜਾ ਕੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਕਬਜ਼ਾ ਕਰਨ ਤੋਂ ਪਹਿਲਾਂ ਅਦਾਲਤ ਦੇ ਆਰਡਰ ਹੋਣੇ ਅਤੇ ਰੈਵੇਨਿਊ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ ਹੋਣੀ ਜ਼ਰੂਰੀ ਹੁੰਦੀ ਹੈ ਤੇ ਪੁਲਸ ਦਾ ਕੰਮ ਮਦਦ ਕਰਨਾ ਹੁੰਦਾ ਹੈ ਪਰ ਏਦਾਂ ਦਾ ਕੁਝ ਨਹੀਂ ਸੀ, ਸਿਰਫ਼ ਸਾਨੂੰ ਹੀ ਝਿੜਕਾਂ ਮਾਰੀਆਂ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ 1-12-2017 ਨੂੰ ਐੱਸ. ਐੱਸ. ਪੀ. ਪਰਮਪਾਲ ਸਿੰਘ ਪੁਲਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਨੂੰ ਦਰਖ਼ਾਸਤ ਦੇ ਕੇ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਦੱਸਿਆ ਗਿਆ ਸੀ ਤੇ ਉਨ੍ਹਾਂ ਨੇ ਵੀ ਨਿਸ਼ਾਨਦੇਹੀ ਕਰਵਾਉਣ ਦੇ ਆਰਡਰ ਕੀਤੇ ਸਨ ਪਰ ਅੱਜ 2 ਦਸੰਬਰ ਨੂੰ ਐੱਸ. ਐੱਸ. ਪੀ. ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਨਿਸ਼ਾਨਦੇਹੀ ਕਰਨ ਤੋਂ ਬਗੈਰ ਹੀ ਫਿਰ ਦਰਸ਼ਨ ਸਿੰਘ ਨੂੰ ਕਬਜ਼ਾ ਕਰਨ ਤੋਂ ਨਹੀਂ ਰੋਕਿਆ ਗਿਆ ਪਰ ਉਲਟਾ ਉਸ ਨੇ ਸਾਡੇ ਨਾਲ ਧੱਕੇਸ਼ਾਹੀ ਕਰਦਿਆਂ ਸਾਡੀਆਂ ਜਨਾਨੀਆਂ ਨਾਲ ਵੀ ਖਿੱਚ-ਧੂਹ ਕੀਤੀ।
ਦੂਜੀ ਧਿਰ ਦੇ ਦਰਸ਼ਨ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ 2 ਮਰਲੇ ਥਾਂ ਮੇਰਾ ਹੈ ਤੇ 5 ਮਰਲੇ ਮੁੱਲ ਲਿਆ ਹੈ ਤੇ 50 ਸਾਲ ਤੋਂ ਮੇਰੇ ਕੋਲ ਹੈ ਤੇ ਮੈਂ ਉਸ ਵਿਚ ਵਰਾਂਡਾ ਵੀ ਪਾਇਆ ਹੋਇਆ ਤੇ ਇਹ ਲੋਕ ਮੈਨੂੰ ਆਪਣੇ ਥਾਂ 'ਚ ਵੀ ਕੰਧ ਨਹੀਂ ਕਰਨ ਦੇ ਰਹੇ। ਇਸ ਸਬੰਧੀ ਥਾਣਾ ਝੰਡੇਰ ਦੇ ਐੱਸ. ਐੱਚ. ਓ. ਸੁਖਜਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਅੱਜ ਸਵੇਰੇ ਕੋਰਟ 'ਚ ਗਿਆ ਸੀ, ਜਦ ਮੈਨੂੰ ਅਫ਼ਸਰਾਂ ਨੇ ਦੱਸਿਆ ਕਿ ਇਥੇ ਕਬਜ਼ਾ ਕੀਤਾ ਜਾ ਰਿਹਾ ਹੈ, ਤਕਰਾਰ ਵੀ ਹੋ ਸਕਦੀ ਹੈ ਤਾਂ ਤੁਰੰਤ ਫੋਰਸ ਭੇਜੀ ਅਤੇ ਅਦਾਲਤ ਤੋਂ ਫ੍ਰੀ ਹੋ ਕੇ ਆਉਂਦਿਆਂ ਹੀ ਕੰਧ ਕਰਨ ਤੋਂ ਰੋਕ ਦਿੱਤਾ ਗਿਆ ਤੇ ਕਿਸੇ ਵੀ ਧਿਰ ਨਾਲ ਕੋਈ ਖਿੱਚ-ਧੂਹ ਨਹੀਂ ਹੋਈ, ਇਹ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।
