ਕਿਰਤੀ ਕਿਸਾਨ ਯੂਨੀਅਨ ਵੱਲੋਂ ਨਾਅਰੇਬਾਜ਼ੀ
Thursday, Aug 03, 2017 - 06:05 AM (IST)

ਨਵਾਂਸ਼ਹਿਰ, (ਮਨੋਰੰਜਨ)- ਕਿਰਤੀ ਕਿਸਾਨ ਯੂਨੀਅਨ ਨੇ ਬੁੱਧਵਾਰ ਨੂੰ ਕਿਸਾਨਾਂ ਦੀ ਕਰਜ਼ਾ ਮੁਆਫੀ ਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਪਿੰਡ ਰਾਮਰਾਏਪੁਰ 'ਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਕਿਸਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਤੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਰੁਪਏ ਮੁਆਫ ਕਰ ਦਿੱਤੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਉਨ੍ਹਾਂ ਨੂੰ 1 ਲੱਖ 14 ਹਜ਼ਾਰ ਕਰੋੜ ਰੁਪਏ ਦੇ ਹੋਰ ਲੋਨ ਵੀ ਦਿੱਤੇ ਗਏ ਪਰ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਤੋਂ ਸਾਫ ਇਨਕਾਰ ਕੀਤਾ ਜਾ ਰਿਹਾ ਹੈ। ਹੁਣ ਦੇਸ਼ ਦੇ ਕਿਸਾਨ ਕਰਜ਼ਾ ਖਤਮ ਕਰਵਾਉਣ ਲਈ ਸੰਘਰਸ਼ ਤੇ ਰੋਸ ਰੈਲੀਆਂ ਕਰ ਰਹੇ ਹਨ, ਜਿਸ ਤਹਿਤ ਨਵਾਂਸ਼ਹਿਰ ਦੇ ਕਿਸਾਨ ਵੀ ਵੱਡੇ ਪੱਧਰ 'ਤੇ ਪਿੰਡਾਂ 'ਚ ਬੈਠਕਾਂ ਕਰ ਕੇ 22 ਅਗਸਤ ਨੂੰ ਬਰਨਾਲਾ 'ਚ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ 'ਚ ਜੁਟੇ ਹੋਏ ਹਨ।
ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਨੂੰ ਇਕਜੁਟ ਹੋਣ ਦੀ ਲੋੜ ਹੈ ਕਿਉਂਕਿ ਸਾਰੇ ਰਾਜਨੀਤਕ ਦਲ ਕਿਸਾਨਾਂ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਦੀ ਰਹੀ ਹੈ। ਕਿਸਾਨ ਕਰਜ਼ੇ ਕਾਰਨ ਆਤਮਹੱਤਿਆਵਾਂ ਕਰ ਰਹੇ ਹਨ ਤੇ ਸਰਕਾਰ ਸਿਰਫ ਖੋਖਲੇ ਐਲਾਨ ਕਰ ਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਇਸ ਮੌਕੇ ਰਾਣਾ ਰਾਮਜੀ ਦਾਸ, ਰਘੁਵੀਰ ਸਿੰਘ, ਰਾਵਲ ਸਿੰਘ, ਗੁਰਚਰਨ ਸਿੰਘ, ਲੱਖਾ ਸਿੰਘ, ਅਮਰਜੀਤ ਸਿੰਘ, ਨਾਜਰ ਸਿੰਘ, ਬਹਾਦਰ ਸਿੰਘ, ਸਤਨਾਮ ਸਿੰਘ, ਜੁਝਾਰ ਸਿੰਘ, ਜ਼ੋਰਾ ਸਿੰਘ, ਜੋਗਾ ਸਿੰਘ, ਪਰਮਜੀਤ ਸਿੰਘ, ਹਰਮੇਸ਼ ਸਿੰਘ, ਭਜਨ ਸਿੰਘ, ਕਸ਼ਮੀਰ ਸਿੰਘ, ਸੁੱਚਾ ਸਿੰਘ ਤੇ ਹੋਰ ਮੌਜੂਦ ਸਨ।