ਆਂਗਣਵਾੜੀ ਵਰਕਰਾਂ ਵੱਲੋਂ ਨਾਅਰੇਬਾਜ਼ੀ

11/14/2017 6:43:49 AM

ਨਵਾਂਸ਼ਹਿਰ,   (ਤ੍ਰਿਪਾਠੀ)-  ਆਂਗਣਵਾੜੀ ਵਰਕਰਾਂ ਨੇ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ 'ਚੋਂ ਵਾਪਸ ਆਂਗਣਵਾੜੀ ਕੇਂਦਰਾਂ 'ਚ ਭੇਜਣ ਤੇ ਰੋਜ਼ਗਾਰ ਨੂੰ ਯਕੀਨੀ ਬਣਾਉਣ ਵਾਲਾ ਕਾਨੂੰਨ ਲਾਗੂ ਕਰਨ ਦੀ ਮੰਗ ਕਰਦਿਆਂ ਬਾਰਾਂਦਰੀ ਪਾਰਕ 'ਚ ਧਰਨਾ ਦਿੱਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਪ੍ਰਧਾਨ ਰਾਜਵਿੰਦਰ ਕੌਰ ਕਾਹਲੋਂ ਤੇ ਜਨਰਲ ਸਕੱਤਰ ਚਰਨਜੀਤ ਕੌਰ ਮੱਲਪੁਰ ਨੇ ਕਿਹਾ ਕਿ ਪੰਜਾਬ ਦੀਆਂ 54 ਹਜ਼ਾਰ ਤੋਂ ਵੱਧ ਆਂਗਣਵਾੜੀ ਵਰਕਰਾਂ 2 ਮਹੀਨਿਆਂ ਤੋਂ ਸੜਕਾਂ 'ਤੇ ਉਤਰ ਕੇ ਆਪਣੇ ਰੋਜ਼ਗਾਰ ਨੂੰ ਬਚਾਉਣ ਲਈ ਧਰਨੇ ਦੇ ਰਹੀਆਂ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਤਾਂ ਕੀ ਕਰਨਾ ਹੈ, ਸਗੋਂ ਉਨ੍ਹਾਂ ਦੀਆਂ ਤਕਲੀਫ਼ਾਂ ਤੱਕ ਸੁਣਨ ਦਾ ਸਮਾਂ ਨਹੀਂ ਦੇ ਸਕੀ। ਸੰਬੰਧਤ ਵਿਭਾਗ ਦੇ ਮੰਤਰੀ ਰਜ਼ੀਆ ਸੁਲਤਾਨਾ ਨਾਲ ਬੈਠਕ ਵਿਚ ਜੋ ਫੈਸਲੇ ਲਏ ਗਏ ਸਨ, ਉਨ੍ਹਾਂ ਨੂੰ ਵੀ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸਰਕਾਰ ਦੀ ਇਸ ਨੀਤੀ ਖਿਲਾਫ਼ ਆਂਗਣਵਾੜੀ ਵਰਕਰ ਯੂਨੀਅਨ 15 ਨਵੰਬਰ ਤੋਂ ਜੇਲ ਭਰੋ ਅੰਦੋਲਨ ਦੀ ਸ਼ੁਰੂਆਤ ਕਰ ਰਹੀ ਹੈ, ਜਿਸ ਸੰਬੰਧ ਵਿਚ ਪੂਰੇ ਜ਼ਿਲੇ ਤੋਂ ਆਂਗਣਵਾੜੀ ਵਰਕਰਾਂ ਨੇ ਇਕੱਠੇ ਹੋ ਕੇ ਜੇਲ ਜਾਣ ਸੰਬੰਧੀ ਆਪਣੇ ਸਹੁੰ ਪੱਤਰ ਭਰੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 3 ਤੋਂ 6 ਸਾਲ ਤੱਕ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਦਾਖ਼ਲ ਕੀਤੇ ਜਾ ਰਹੇ ਬੱਚਿਆਂ ਨੂੰ ਵਾਪਸ ਆਂਗਣਵਾੜੀ ਕੇਂਦਰਾਂ ਵਿਚ ਭੇਜਿਆ ਜਾਵੇ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ ਵਿਚ ਵਾਧਾ ਕੀਤਾ ਜਾਵੇ, ਪੈਨਸ਼ਨ ਤੇ ਗ੍ਰੈਚੁਟੀ ਸਕੀਮ ਦੇ ਅਧੀਨ ਲਿਆਂਦਾ ਜਾਵੇ ਤੇ ਆਂਗਣਵਾੜੀ ਕੇਂਦਰਾਂ 'ਚ ਪੀਣ ਦੇ ਸਾਫ਼ ਪਾਣੀ, ਪਖਾਨੇ ਆਦਿ ਦੀਆਂ ਸਹੂਲਤਾਂ ਦਿੱਤੀਆਂ ਜਾਣ।
ਇਸ ਮੌਕੇ ਚਰਨਜੀਤ ਕੌਰ ਨਵਾਂਸ਼ਹਿਰ, ਸੁਦੇਸ਼ ਕੁਮਾਰੀ, ਦਲਜੀਤ ਕੌਰ, ਗੁਰਮੇਲ ਕੌਰ, ਪਰਮਜੀਤ ਕੌਰ, ਜਸਵੀਰ ਕੌਰ ਤੇ ਜਗਦੀਸ਼ ਕੌਰ ਵੀ ਹਾਜ਼ਰ ਸਨ।


Related News