ਗਰੀਬਾਂ ਦੀ ਜੇਬ ''ਤੇ ਭਾਰੀ ਪੈ ਰਹੀ ਹੈ ਸਰਕਾਰੀ ਡਾਕਟਰਾਂ ਦੀ ਲਿਖੀ ਪਰਚੀ

04/04/2018 5:16:28 AM

ਕਪੂਰਥਲਾ, (ਮਲਹੋਤਰਾ)- ਸਿਵਲ ਹਸਪਤਾਲ ਕਪੂਰਥਲਾ 'ਚ ਆਸ-ਪਾਸ ਦੇ ਖੇਤਰਾਂ 'ਚ ਆਉਣ ਵਾਲੇ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਲਿਖੀ ਗਈ ਦਵਾਈ ਬਾਹਰ ਤੋਂ ਲਿਆਉਣੀ ਭਾਰੀ ਪੈ ਰਹੀ ਹੈ। ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਸਾਰੀਆਂ ਜ਼ਰੂਰੀ ਦਵਾਈਆਂ ਹਸਪਤਾਲ 'ਚ ਹੀ ਉਪਲੱਬਧ ਕਰਵਾਉਣ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਹਸਪਤਾਲ 'ਚ ਸਿਹਤ ਵਿਭਾਗ ਤੋਂ ਆਉਣ ਵਾਲੀਆਂ ਦਵਾਈਆਂ ਦੀ ਭਾਰੀ ਘਾਟ ਦੇ ਕਾਰਨ ਜਾਂ ਕੁਝ ਡਾਕਟਰਾਂ ਵੱਲੋਂ ਦਵਾਈ ਕੰਪਨੀਆਂ ਤੋਂ ਭਾਰੀ ਕਮਿਸ਼ਨ ਲੈ ਕੇ ਉਸ ਕੰਪਨੀ ਦੀ ਦਵਾਈ ਲਿਖਣ ਨਾਲ ਮਰੀਜ਼ ਪ੍ਰੇਸ਼ਾਨ ਹਨ। 
ਇਸ ਸਬੰਧ 'ਚ ਜਦੋਂ 'ਜਗ ਬਾਣੀ' ਦੀ ਟੀਮ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਦਾ ਦੌਰਾ ਕੀਤਾ ਗਿਆ ਤਾਂ ਦੇਖਣ 'ਚ ਆਇਆ ਕਿ ਜ਼ਿਆਦਾਤਰ ਮਰੀਜ਼ ਆਪਣੀ ਬੀਮਾਰੀ ਨੂੰ ਲੈ ਕੇ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਨੂੰ ਛੱਡ ਕੇ ਫ੍ਰੀ 'ਚ ਮਿਲਣ ਵਾਲੀ ਦਵਾਈਆਂ ਦੇ ਲਾਲਚ 'ਚ ਸਰਕਾਰੀ ਹਸਪਤਾਲ 'ਚ ਦੂਰ-ਦੁਰਾਡੇ ਦੇ ਖੇਤਰਾਂ ਤੋਂ ਆਉਂਦੇ ਹਨ। ਉਨ੍ਹਾਂ ਨੂੰ ਪਰਚੀ ਕਟਵਾਉਣ ਦੇ ਲਈ ਸਵੇਰ ਤੋਂ ਹੀ ਲੰਬੀ ਲਾਈਨ 'ਚ ਕਾਫੀ ਦੇਰ ਤੱਕ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਤੋਂ ਬਾਅਦ ਆਪਣੀ ਬੀਮਾਰੀ ਨਾਲ ਸਬੰਧਿਤ ਡਾਕਟਰ ਦੇ ਕੋਲ ਜਾ ਕੇ ਇੰਤਜ਼ਾਰ ਕਰਨਾ ਪੈਂਦਾ ਹੈ। ਜ਼ਿਆਦਾਤਰ ਡਾਕਟਰ ਪਹਿਲਾਂ ਤੋਂ ਹੀ ਆਪਣੇ ਕਮਰੇ 'ਚ ਮਿਲਦੇ ਹੀ ਨਹੀਂ, ਜਾਂ ਤਾਂ ਉਹ ਐਮਰਜੈਂਸੀ ਰੂਮ 'ਚ ਮਰੀਜ਼ਾਂ ਨੂੰ ਦੇਖਣ ਗਏ ਹੁੰਦੇ ਹਨ ਜਾਂ ਫਿਰ ਵਾਰਡ ਰਾਊਂਡ 'ਤੇ ਹੁੰਦੇ ਹਨ। ਪਿੰਡ ਆਰੀਆਂਵਾਲ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਤੀਸਰੀ ਵਾਰ ਆਪਣੇ ਰਿਸ਼ਤੇਦਾਰ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ 'ਚ ਆਏ ਹਨ, ਹਰ ਵਾਰ ਡਾਕਟਰ ਉਸਨੂੰ ਜੋ ਦਵਾਈਆਂ ਲਿਖ ਕੇ ਦਿੰਦੇ ਹਨ, ਉਹ ਬਾਹਰ ਖੁੱਲ੍ਹੇ ਮੈਡੀਕਲ ਸਟੋਰ ਤੋਂ ਮਿਲਦੀ ਹੈ। ਡਾਕਟਰ ਦਾ ਕਹਿਣਾ ਹੈ ਕਿ ਹਸਪਤਾਲ 'ਚ ਇਹ ਦਵਾਈਆਂ ਉਪਲੱਬਧ ਨਹੀਂ ਹਨ। ਇਸੇ ਤਰ੍ਹਾਂ ਜ਼ਿਆਦਾਤਰ ਮਰੀਜ਼ਾਂ ਨੂੰ ਦਵਾਈਆਂ ਬਾਹਰ ਤੋਂ ਹੀ ਲੈਣੀਆਂ ਪੈਂਦੀਆਂ ਹਨ। ਪ੍ਰਤੀਨਿਧੀ ਵੱਲੋਂ ਜਦੋਂ ਹਸਪਤਾਲ ਦੇ ਸਟੋਰ ਦਾ ਨਿਰੀਖਣ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਉਥੇ ਕਰੀਬ 226 ਕਿਸਮ ਦੀਆਂ ਦਵਾਈਆਂ ਵਿਭਾਗ ਵੱਲੋਂ ਆਉਂਦੀਆਂ ਹਨ। ਤਾਇਨਾਤ ਕਰਮੀ ਨੇ ਦੱਸਿਆ ਕਿ ਇਨ੍ਹਾਂ ਦਿਨਾਂ 'ਚ ਵਿਭਾਗ ਤੋਂ ਆਉਣ ਵਾਲੀਆਂ ਦਵਾਈਆਂ 50 ਫੀਸਦੀ ਤੋਂ ਵੀ ਘੱਟ ਹਨ। ਜ਼ਿਲੇ ਦੇ ਹਸਪਤਾਲਾਂ 'ਚ ਇਲਾਜ ਦੇ ਲਈ ਆਉਣ ਵਾਲੇ ਮਰੀਜ਼ਾਂ ਦੇ ਲਈ ਦਵਾਈਆਂ ਦੀ ਭਾਰੀ ਕਮੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜ਼ਰੂਰਤ ਮੁਤਾਬਿਕ ਅਸੀਂ ਹਰ ਹਫਤੇ ਦਵਾਈਆਂ ਲੈਣ ਦੇ ਲਈ ਜਾਂਦੇ ਹਨ। ਹਰ ਤਰ੍ਹਾਂ ਦਾ ਫਲਿਊਡ ਸਮੇਤ ਕਾਫੀ ਦਵਾਈਆਂ ਸਿਵਲ ਹਸਪਤਾਲ ਦੇ ਸਟਾਕ 'ਚ ਉਪਲੱਬਧ ਰਹਿੰਦੀਆਂ ਹਨ। 
ਸਿਵਲ ਹਸਪਤਾਲ 'ਚ ਖੜ੍ਹੇ ਇਕ ਵਿਅਕਤੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਵੱਡੀਆਂ-ਵੱਡੀਆਂ ਦਵਾਈ ਕੰਪਨੀਆਂ ਵੱਲੋਂ ਜ਼ਿਲੇ ਦੇ ਕੁਝ ਡਾਕਟਰਾਂ ਨੂੰ ਹਫਤਾ ਜਾਂ ਮਹੀਨੇ ਦੀ ਆਪਣੀ ਕੰਪਨੀ ਦੀ ਦਵਾਈ ਲਿਖਣ ਦੇ ਬਦਲੇ ਮੋਟੀ ਕਮਿਸ਼ਨ ਐੱਮ. ਆਰ. ਦੀ ਮਾਰਫਤ ਫਿਕਸ ਕੀਤੀ ਜਾਂਦੀ ਹੈ , ਜਿਸ 'ਤੇ ਮਰੀਜ਼ ਨੂੰ ਉਸ ਕੰਪਨੀ ਦੀ ਦਵਾਈ ਲਿਖ ਦਿੱਤੀ ਜਾਂਦੀ ਹੈ। ਸਿਵਲ ਹਸਪਤਾਲ ਦੇ ਬਾਹਰ ਇਕ ਮੈਡੀਕਲ ਸਟੋਰ 'ਤੇ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਸਾਨੂੰ ਮਜਬੂਰਨ ਤੌਰ 'ਤੇ ਸਿਵਲ ਹਸਪਤਾਲ ਦੇ ਅੰਦਰ ਤੋਂ ਲਿਖ ਕੇ ਆਉਣ ਵਾਲੀ ਕੰਪਨੀ ਦੀ ਦਵਾਈ ਰੱਖਣੀ ਪੈਂਦੀ ਹੈ। ਜ਼ਿਆਦਾਤਰ ਡਾਕਟਰ ਆਪਣੀ ਮਨਪਸੰਦ ਦੀ ਕੰਪਨੀ ਦੀ ਦਵਾਈ ਹੀ ਲਿਖਦੇ ਹਨ, ਜਿਸ ਨਾਲ ਉਨ੍ਹਾਂ ਦਾ ਫਾਇਦਾ ਹੁੰਦਾ ਹੈ। ਉਸ ਦਾ ਕਹਿਣਾ ਸੀ ਕਿ ਮਰੀਜ਼ ਠੀਕ ਹੋਵੇ ਜਾਂ ਨਾ ਇਹ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦਾ। ਕਈ ਵਾਰ ਤਾਂ ਆਪਣੇ ਕਮਿਸ਼ਨ ਦੀ ਖਾਤਰ ਉਹ ਵੈਸੇ ਹੀ ਮਹਿੰਗੀਆਂ ਦਵਾਈਆਂ ਲਿਖ ਦਿੰਦੇ ਹਨ। 
ਸ਼ਿਕਾਇਤ ਆਉਣ 'ਤੇ ਸਬੰਧਤ ਡਾਕਟਰ ਵਿਰੁੱਧ ਕੀਤੀ ਜਾਵੇਗੀ ਕਾਰਵਾਈ : ਸਿਵਲ ਸਰਜਨ
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਕਪੂਰਥਲਾ ਦੇ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਦੇ ਸਟਾਕ 'ਚ ਹਰ ਤਰ੍ਹਾਂ ਦੀਆਂ ਦਵਾਈਆਂ ਮੌਜੂਦ ਹਨ। ਸਿਵਲ ਹਸਪਤਾਲ ਦੇ ਸਟਾਕ 'ਚ ਦਵਾਈਆਂ ਹੋਣ ਦੇ ਬਾਵਜੂਦ ਬਾਹਰ ਤੋਂ ਦਵਾਈ ਮੰਗਵਾਉਣ ਵਾਲੇ ਡਾਕਟਰਾਂ ਦੇ ਖਿਲਾਫ ਸ਼ਿਕਾਇਤ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ।


Related News