ਥੱਪੜ ਦਾ ਬਦਲਾ ਲੈਣ ਲਈ 3 ਨਾਬਾਲਗਾਂ ਨੇ ਬਣਾਈ ਯੋਜਨਾ, ਕੀਤਾ ਕਤਲ

07/17/2019 12:00:02 PM

ਲੁਧਿਆਣਾ (ਰਿਸ਼ੀ) : 8 ਜੁਲਾਈ ਨੂੰ ਘਰੋਂ ਕੰਮ 'ਤੇ ਗਏ 17 ਸਾਲਾ ਨੌਜਵਾਨ ਜਤਿੰਦਰ ਦਾ ਕਤਲ ਕਰਕੇ ਸਲੇਮ ਟਾਬਰੀ ਦੇ ਗੁਰਬਖਸ਼ ਨਗਰ ਵਿਚ ਸੁੱਟੀ ਗਈ ਲਾਸ਼ ਦੇ ਕੇਸ ਨੂੰ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਸੁਲਝਾ ਲਿਆ ਹੈ। ਕਤਲ ਕਰਨ ਵਾਲੇ ਤਿੰਨੋਂ ਦੋਸ਼ੀਆਂ ਨੂੰ ਦਬੋਚ ਕੇ ਜੇਲ ਭੇਜ ਦਿੱਤਾ ਗਿਆ ਹੈ। ਪੁਲਸ ਦੇ ਮੁਤਾਬਕ ਤਿੰਨੋਂ ਨਾਬਾਲਗ ਹਨ। ਜਾਂਚ ਅਧਿਕਾਰੀ ਏ. ਐੱਸ. ਆਈ. ਇਕਬਾਲ ਸਿੰਘ ਮੁਤਾਬਕ ਮ੍ਰਿਤਕ ਦੇ ਮੋਬਾਇਲ ਦੀ ਡਿਟੇਲ ਨੇ ਕੇਸ ਹੱਲ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ। ਜਾਂਚ ਕਰਨ 'ਤੇ ਪਤਾ ਲੱਗਾ ਹੈ ਕਿ ਉਸ ਦੀ ਆਪਣੇ ਬਚਪਨ ਦੇ ਇਕ ਦੋਸਤ ਨਾਲ ਉਸੇ ਦਿਨ 2-3 ਵਾਰ ਫੋਨ 'ਤੇ ਗੱਲ ਹੋਈ। ਜਾਂਚ ਅੱਗੇ ਵਧਾਉਣ 'ਤੇ ਪਤਾ ਲੱਗਾ ਕਿ ਕਾਤਲ ਇਕ ਸਲੂਨ ਵਿਚ ਕੰਮ ਕਰਦਾ ਹੈ, ਜਿੱਥੇ ਲਗਭਗ 6 ਮਹੀਨੇ ਪਹਿਲਾਂ ਦੋਵਾਂ ਦਾ ਆਪਸ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਜਤਿੰਦਰ ਨੇ ਉਸ ਦੇ ਥੱਪੜ ਮਾਰ ਦਿੱਤਾ ਸੀ। ਇਸੇ ਗੱਲ ਦਾ ਉਹ ਉਦੋਂ ਤੋਂ ਬਦਲਾ ਲੈਣ ਦੀ ਤਾਕ ਵਿਚ ਸੀ।

ਸੋਚੀ-ਸਮਝੀ ਸਾਜ਼ਿਸ਼ ਕਾਰਨ ਉਸ ਨੇ ਆਪਣੇ ਭਾਣਜੇ ਅਤੇ ਦੋਸਤ ਨੂੰ ਯੋਜਨਾ ਵਿਚ ਸ਼ਾਮਲ ਕੀਤਾ, ਜਿਸ ਤੋਂ ਬਾਅਦ ਕਾਤਲਾਂ ਨੇ ਫੋਨ ਕਰਕੇ ਉਸ ਨੂੰ ਕਿਸੇ ਜ਼ਰੂਰੀ ਕੰਮ ਦਾ ਕਹਿ ਕੇ ਗਾਂਧੀ ਨਗਰ ਮਾਰਕੀਟ ਦੇ ਕੋਲ ਬੁਲਾਇਆ। ਜਦੋਂ ਉਹ ਆਪਣੀ ਐਕਟਿਵਾ 'ਤੇ ਉਥੇ ਪੁੱਜਾ ਤਾਂ ਉਸੇ ਦੇ ਪਿੱਛੇ ਬੈਠ ਕੇ ਸਲੇਮ ਟਾਬਰੀ ਇਲਾਕੇ ਵੱਲ ਇਹ ਕਹਿ ਕੇ ਲੈ ਗਿਆ ਕਿ ਉਸ ਦਾ ਮੋਬਾਇਲ ਲੱਭਣ ਜਾਣਾ ਹੈ, ਜਦੋਂ ਕਿ ਹੋਰ ਦੋ ਕਾਤਲ ਆਪਣੀ ਬਾਈਕ 'ਤੇ ਸਨ। ਜਦੋਂ ਸਾਰੇ ਸੁੰਨਸਾਨ ਜਗ੍ਹਾ 'ਤੇ ਪੁੱਜੇ ਤਾਂ ਮ੍ਰਿਤਕ ਨੂੰ ਐਕਟਿਵਾ ਤੋਂ ਥੱਲੇ ਉਤਾਰ ਕੇ ਮੋਬਾਇਲ ਲੱਭਣ ਲਈ ਟਾਰਚ ਆਨ ਕਰਨ ਨੂੰ ਕਿਹਾ। ਇਸੇ ਦੌਰਾਨ ਉਸ ਦੇ ਸਿਰ 'ਤੇ ਰਾਡ ਮਾਰ ਕੇ ਉਸ ਨੂੰ ਥੱਲੇ ਸੁੱਟ ਦਿੱਤਾ ਅਤੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦਾ ਮੋਬਾਇਲ ਅਤੇ ਐਕਟਿਵਾ ਲੈ ਕੇ ਫਰਾਰ ਹੋ ਗਏ।


Gurminder Singh

Content Editor

Related News