ਅਸਮਾਨੀ ਬਿਜਲੀ ਡਿੱਗਣ ਨਾਲ ਘਰ ਦਾ ਕੀਮਤੀ ਸਾਮਾਨ ਸੜ ਕੇ ਹੋਇਆ ਸੁਆਹ, ਕਰੀਬ 2 ਲੱਖ ਦਾ ਹੋਇਆ ਨੁਕਸਾਨ
Thursday, Jul 21, 2022 - 12:27 PM (IST)
ਗੁਰੂ ਕਾ ਬਾਗ (ਭੱਟੀ, ਸੰਧੂ) : ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਮੋਹਣ ਭੰਡਾਰੀਆਂ ਵਿਖੇ ਅੱਜ ਸਵੇਰੇ 3 ਕੁ ਵਜੇ ਦੇ ਕਰੀਬ ਇਕ ਘਰ ’ਤੇ ਅਸਮਾਨੀ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ਵਿਚ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੜ੍ਹੋ ਇਹ ਵੀ ਖ਼ਬਰ: ਜਾਣੋ ਕੌਣ ਹਨ ਗੈਂਗਸਟਰ ਮਨੂੰ ਕੁੱਸਾ ਅਤੇ ਜਗਰੂਪ ਰੂਪਾ, ਕਿਸ ਨੇ ਮਾਰੀ ਸੀ ਮੂਸੇਵਾਲਾ ਨੂੰ ਪਹਿਲੀ ਗੋਲੀ
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਪੁੱਤਰ ਦਲਬੀਰ ਸਿੰਘ ਪਿੰਡ ਮੋਹਨ ਭੰਡਾਰੀਆਂ ਦੇ ਘਰ ’ਤੇ ਅਚਾਨਕ ਅੱਜ ਮੂੰਹ ਹਨ੍ਹੇਰੇ ਅਸਮਾਨੀ ਬਿਜਲੀ ਡਿੱਗ ਪਈ, ਜਿਸ ਨਾਲ ਘਰ ’ਤੇ ਸੀਮਿੰਟ ਨਾਲ ਬਣਿਆ ਹੋਇਆ ਬਾਜ਼ ਅਤੇ ਪਾਣੀ ਵਾਲੀ ਟੈਂਕੀ ਬੁਰੀ ਤਰ੍ਹਾਂ ਨਾਲ ਉੱਡ ਗਈ। ਅਸਮਾਨੀ ਬਿਜਲੀ ਏਨੀ ਜ਼ਬਰਦਸਤ ਸੀ ਕਿ ਉਪਰਲੀ ਮੰਜ਼ਿਲ ਦੇ ਲੈਂਟਰ ਨੂੰ ਪਾੜਦੀ ਹੋਈ ਹੇਠਾਂ ਕੰਧਾਂ ਵਿੱਚ ਪਈ ਵਾਇਰਿੰਗ ਨੂੰ ਅੱਗ ਲੱਗ ਗਈ, ਜਿਸ ਨਾਲ ਘਰ ਵਿਚ ਪਈ ਫਰਿੱਜ, ਵਾਸ਼ਿੰਗ ਮਸ਼ੀਨ, ਐਲਈਡੀ, ਪੱਖੇ, ਕੂਲਰ, ਇਨਵਰਟਰ ਬੈਟਰਾ ਤੇ ਹੋਰ ਇਲੈਕਟ੍ਰਾਨਿਕ ਸਾਮਾਨ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਦੇ ਕਾਤਲ ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ ADGP ਪ੍ਰਮੋਦ ਬਾਨ ਨੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)
ਬਿਜਲੀ ਪੈਣ ਕਾਰਨ ਕੰਧਾਂ ਵਿੱਚ ਵੱਡੇ-ਵੱਡੇ ਪਾੜ ਪੈ ਗਏ। ਅਸਮਾਨੀ ਬਿਜਲੀ ਡਿੱਗਣ ਨਾਲ ਘਰ ਦੇ ਬੂਹੇ ਬਾਰੀਆਂ ਦੇ ਸ਼ੀਸ਼ੇ ਵੀ ਟੁੱਟ ਗਏ, ਜਿਸ ਨਾਲ ਘਰ ਵਿਚ ਪਏ ਦੋ ਲੱਖ ਤੋਂ ਵਧੇਰੇ ਸਾਮਾਨ ਦਾ ਨੁਕਸਾਨ ਹੋ ਗਿਆ। ਬਿਜਲੀ ਪੈਣ ਨਾਲ ਆਲੇ-ਦੁਆਲੇ ਦੇ ਤੀਹ ਦੇ ਕਰੀਬ ਹੋਰ ਘਰਾਂ ਦੀ ਵਾਇਰਿੰਗ ਵੀ ਸੜ ਗਈ, ਜਿਸ ਕਾਰਨ ਲੋਕਾਂ ਦਾ ਮਾਲੀ ਨੁਕਸਾਨ ਹੋ ਗਿਆ।