ਕਿਸਾਨ ਅੰਦੋਲਨ ਨੂੰ ਮਿਲਿਆ SKM ਦਾ 'ਸਾਥ', ਖਨੌਰੀ ਬਾਰਡਰ ਪਹੁੰਚਿਆ ਜੱਥਾ
Friday, Jan 10, 2025 - 04:35 PM (IST)
ਖਨੌਰੀ : ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਨੂੰ ਪੰਜਾਬ ਦੇ ਮੋਗਾ ਵਿੱਚ ਮਹਾਪੰਚਾਇਤ ਦੌਰਾਨ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਇਸ ਸਬੰਧੀ ਅੱਜ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਦੇ ਹੌਂਸਲੇ ਕਾਫੀ ਬੁਲੰਦ ਨਜ਼ਰ ਆ ਰਹੇ ਹਨ। ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਤੇ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ ਦਾ ਜਥਾ ਖਨੌਰੀ ਬਾਰਡਰ ਉਪਰ ਪਹੁੰਚ ਗਿਆ ਹੈ। ਦੱਸ ਦੇਈਏ ਕਿ ਐੱਸਕੇਐੱਮ ਨੇ ਵੀਰਵਾਰ ਨੂੰ ਹੀ ਖਨੌਰੀ ਤੇ ਸ਼ੰਭੂ ਬਾਰਡਰਾਂ ਉਪਰ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 4 ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀਆਂ ਗੋਲੀਆਂ
ਐੱਸਕੇਐੱਮ ਵੱਲੋਂ ਅੰਦੋਲਨ ਚਲਾ ਰਹੇ ਆਗੂਆਂ ਸਰਵਣ ਪੰਧੇਰ ਅਤੇ ਡੱਲੇਵਾਲ ਤੋਂ ਸਮਰਥਨ ਲਈ ਸਹਿਮਤੀ ਲਈ ਜਾਵੇਗੀ। ਇਸ ਤੋਂ ਇਲਾਵਾ ਐੱਸਕੇਐੱਮ ਵੱਲੋਂ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਅੱਜ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ। ਕਿਸਾਨ ਲੀਡਰਾਂ ਨੇ ਮੋਗਾ ਮਹਾਂਪੰਚਾਇਤ ਵਿੱਚ ਫੈਸਲਾ ਕੀਤਾ ਸੀ ਕਿ ਸੰਯੁਕਤ ਕਿਸਾਨ ਮੋਰਚਾ ਦੀ ਛੇ ਮੈਂਬਰੀ ਏਕਤਾ ਕਮੇਟੀ ਵਿੱਚ ਸ਼ਾਮਲ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਾਮਿੰਦਰ ਸਿੰਘ ਪਟਿਆਲਾ, ਡਾ. ਦਰਸ਼ਨਪਾਲ ਤੇ ਕ੍ਰਿਸ਼ਨਾ ਪ੍ਰਸਾਦ 101 ਕਿਸਾਨਾਂ ਦੇ ਜਥੇ ਨਾਲ ਖਨੌਰੀ ਤੇ ਸ਼ੰਭੂ ਬਾਰਡਰ ਵਿਖੇ ਏਕਤਾ ਦਾ ਮਤਾ ਲੈ ਕੇ ਜਾਣਗੇ, ਜਿਸ ਵਿੱਚ 15 ਜਨਵਰੀ ਨੂੰ ਪਟਿਆਲਾ ਦੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਸਾਂਝੀ ਮੀਟਿੰਗ ਕਰਨ ਦਾ ਸੱਦਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਕਾਲ ਬਣ ਆਏ ਕੈਂਟਰ ਨੇ ਪੂਰੇ ਪਰਿਵਾਰ ਨੂੰ ਪਾਇਆ ਘੇਰਾ, ਵਿਛ ਗਏ ਸੱਥਰ
ਇਸ ਮੌਕੇ ਐੱਮਐੱਸਪੀ ਤੇ ਖਰੀਦ ਗਾਰੰਟੀ ਕਾਨੂੰਨ ਬਣਾਉਣ ਸਬੰਧੀ ਸੰਸਦ ਦੀ ਸਥਾਈ ਕਮੇਟੀ ਵੱਲੋਂ ਕਿਸਾਨਾਂ ਦੀ ਮੰਗ ਸਬੰਧੀ ਸਵਾਮੀਨਾਥਨ ਫਾਰਮੂਲੇ ਨੂੰ ਵਿਸਾਰ ਕੇ ਕੀਤੀ ਗਈ ਅਧੂਰੀ ਸਿਫਾਰਸ਼ ਵੀ ਰੱਦ ਕੀਤੀ ਗਈ। ਮਹਾਪੰਚਾਇਤ ’ਚ 13 ਜਨਵਰੀ ਨੂੰ ਤਹਿਸੀਲ ਪੱਧਰ ’ਤੇ ਖੇਤੀਬਾੜੀ ਮਾਰਕੀਟਿੰਗ ਨੀਤੀ ਦੇ ਡਰਾਫਟ ਦੀਆਂ ਕਾਪੀਆਂ ਸਾੜਨ ਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ। ਦੋਵਾਂ ਧਿਰਾਂ ’ਚ ਸਹਿਮਤੀ ਬਣ ਜਾਂਦੀ ਹੈ ਤਾਂ ਇਹ ਪ੍ਰੋਗਰਾਮ ਸਾਂਝੇ ਤੌਰ ’ਤੇ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ- ਇਕ ਵਾਰ ਫਿਰ ਹਵਾਈ ਅੱਡੇ ’ਤੇ ਭੱਖਿਆ ਮਾਹੌਲ, ਅੰਮ੍ਰਿਤਧਾਰੀ ਯਾਤਰੀ ਨਾਲ ਕੀਤਾ ਅਜਿਹਾ ਸਲੂਕ
ਐੱਸਕੇਐੱਮ ਦੇ ਆਗੂਆਂ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਭਵਿੱਖੀ ਸੰਘਰਸ਼ ਦੀ ਰਣਨੀਤੀ ਲਈ 24-25 ਜਨਵਰੀ ਨੂੰ ਦਿੱਲੀ ’ਚ ਆਪਣੀ ਕੌਮੀ ਮੀਟਿੰਗ ਸੱਦ ਲਈ ਹੈ। ਇਸ ਦੇ ਨਾਲ ਹੀ ਐੱਸਕੇਐੱਮ ਤੇ ਐੱਸਕੇਐੱਮ (ਗੈਰ ਸਿਆਸੀ) ’ਚ ਏਕਤਾ ਦੇ ਆਸਾਰ ਬਣਨ 'ਤੇ ਸ਼ੰਭੂ ਤੇ ਖਨੌਰੀ ਸਰਹੱਦ 'ਤੇ ਚੱਲ ਰਹੇ ਮੋਰਚੇ ਖ਼ਿਲਾਫ਼ ਕੋਈ ਵੀ ਟਿੱਪਣੀ ਨਾ ਕਰਨ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ 11 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8