ਘਰ 'ਚ ਲੱਗੀ ਅੱਗ ਦੌਰਾਨ ਮਿਲਿਆ ਪਿੰਜਰ, ਮਾਮਲੇ ਦੀ ਜਾਂਚ ਜਾਰੀ
Saturday, Apr 03, 2021 - 09:27 PM (IST)
ਅਬੋਹਰ, (ਰਹੇਜਾ)- ਸਿੱਧੂ ਨਗਰੀ ਦੀ ਗਲੀ ਨੰਬਰ 4 ਦੇ ਖੰਡਰ ਮਕਾਨ 'ਚ ਅੱਗ ਲੱਗਣ ਦੌਰਾਨ ਘਰ 'ਚ ਪਿੰਜਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਨਗਰ ਥਾਣਾ 2 ਦੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਲੰਬੀ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 3 ਕੁੜੀਆਂ ਸਮੇਤ 12 ਕਾਬੂ
ਅੱਗ ਲੱਗਣ ਤੋਂ ਬਾਅਦ ਮੁਹੱਲੇ ਦੇ ਲੋਕਾਂ ਵੱਲੋਂ ਨਗਰ ਨਿਗਮ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਘਰ ਦੇ ਅੰਦਰ ਕਰੀਬ 65 ਸਾਲਾ ਰਵਿੰਦਰ ਭਾਟੀਆ ਨਾਮ ਦਾ ਇੱਕ ਵਿਅਕਤੀ ਰਹਿੰਦਾ ਹੈ। ਉਸ ਵੱਲੋਂ ਇਸ ਘਰ ਦੀ ਦੂਸਰੀ ਮੰਜਿਲ 'ਤੇ ਕਬਾੜ ਦਾ ਸਮਾਨ ਰੱਖਿਆ ਹੋਇਆ ਹੈ। ਜਿਸ ਕਾਰਨ ਸਾਲ 'ਚ ਹੁਣ ਤੱਕ ਇਸ ਘਰ ਨੂੰ 3 ਵਾਰ ਅੱਗ ਲੱਗ ਚੁੱਕੀ ਹੈ। ਨਗਰ ਨਿਗਮ ਨੂੰ ਮੁਹੱਲਾ ਵਾਸੀਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਕ ਇਸ ਵਿਅਕਤੀ ਨੇ ਆਪਣੇ ਪਰਿਵਾਰ ਦੇ ਲੋਕਾਂ ਦੇ ਪਿੰਜਰ ਵੀ ਘਰ 'ਚ ਰੱਖੇ ਹੋਏ ਹਨ। ਨਗਰ ਨਿਗਮ ਕਰਮਚਾਰੀਆਂ ਦੁਆਰਾ ਪੁਲਸ ਦੀ ਹਾਜ਼ਰੀ 'ਚ ਘਰ ਦੀ ਜਾਂਚ ਦੌਰਾਨ ਇੱਕ ਖੋਪੜੀ ਦਾ ਪਿੰਜਰ ਮਿਲਿਆ ਹੈ। ਇਸ ਤੋਂ ਇਲਾਵਾ ਘਰ 'ਚ ਹਰ ਤਰ੍ਹਾਂ ਦਾ ਕਬਾੜ ਅਤੇ ਕੂੜੇ ਦੀ ਭਰਮਾਰ ਹੈ।
ਇਹ ਵੀ ਪੜ੍ਹੋ: 26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ
ਮੁਹੱਲੇ ਦੇ ਲੋਕਾਂ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਘਰ ਦੀ ਸਫਾਈ ਅਤੇ ਜਾਂਚ ਦੀ ਮੰਗ ਕੀਤੀ ਗਈ ਹੈ। ਉਥੋਂ ਦੀ ਮੌਜੂਦਾ ਕੌਂਸਲਰ ਦੇ ਪਤੀ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਕਮਿਸ਼ਨਰ ਦੇ ਧਿਆਨ 'ਚ ਲਿਆਇਆ ਗਿਆ ਹੈ ਉਹ ਅੱਗੇ ਦੀ ਕਾਰਵਾਈ ਅਮਲ 'ਚ ਲਿਆਉਣਗੇ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਦੀਆਂ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਹਨ ਜਿਸ ਕਾਰਨ ਮੁਹੱਲੇ 'ਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਉਕਤ ਵਿਅਕਤੀ ਆਪਣੇ ਘਰ ਦੇ ਬਾਹਰ ਅਵਾਰਾ ਜਾਨਵਰਾਂ ਨੂੰ ਚਾਰਾ ਵੀ ਪਾਉਂਦਾ ਹੈ ਜਿਸ ਕਾਰਨ ਮੁਹੱਲੇ 'ਚ ਅਵਾਰਾ ਪਸ਼ੂਆਂ ਦੀ ਭਰਮਾਰ ਲੱਗੀ ਰਹਿੰਦੀ ਹੈ। ਸਿਟੀ ਪੁਲਸ 2 ਦੇ ਇੰਚਾਰਜ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਆਇਆ ਹੈ ਜੇਕਰ ਕੋਈ ਮਾਮਲਾ ਆਉਂਦਾ ਹੈ ਤਾਂ ਉਸਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।