ਮੌੜ ਮੰਡੀ ਬਲਾਸਟ ਦੇ ਪੀੜਤਾਂ ਨੇ ਐੱਸ. ਐੱਸ. ਪੀ. ਅੱਗੇ ਬਿਆਨ ਦਰਜ ਕਰਵਾਏ

02/07/2020 12:28:37 PM

ਬਠਿੰਡਾ (ਵਰਮਾ) : ਐੱਸ. ਆਈ. ਟੀ. ਦੇ ਨਿਰਦੇਸ਼ 'ਤੇ ਮੌੜ ਬਲਾਸਟ ਦੇ ਪੀੜਤ ਆਪਣਾ ਬਿਆਨ ਦਰਜ ਕਰਵਾਉਣ ਲਈ ਵੀਰਵਾਰ ਨੂੰ ਐੱਸ. ਐੱਸ. ਪੀ. ਦਫ਼ਤਰ ਪੁੱਜੇ ਅਤੇ ਬਿਆਨ ਦਰਜ ਕਰਵਾਏ। ਪੀੜਤਾਂ ਨੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਤੋਂ ਮੰਗ ਕੀਤੀ ਕਿ ਇਸ ਮਾਮਲੇ 'ਚ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਹਰਮੰਦਰ ਸਿੰਘ ਜੱਸੀ ਜੋ ਕਿ ਗੁਰਮੀਤ ਰਾਮ ਰਹੀਮ ਦਾ ਸਬੰਧੀ ਹੈ, ਉਸ ਦੇ ਭਰਾ ਗੋਪਾਲ ਨੂੰ ਜਾਂਚ 'ਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀਆਂ ਕੜੀਆਂ ਜੋੜਨ ਲਈ ਡੇਰਾ ਪ੍ਰਮੁੱਖ ਦੇ ਮੁੰਡੇ ਨੂੰ ਵੀ ਜਾਂਚ 'ਚ ਸ਼ਾਮਲ ਕਰਨਾ ਜ਼ਰੂਰੀ ਹੈ। ਹਾਲੇ ਤੱਕ ਪੁਲਸ ਨੇ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਜਾਂਚ 'ਚ ਵੀ ਖਾਨਾਪੂਰਤੀ ਕੀਤੀ। ਪੀੜਤਾਂ ਵੱਲੋਂ ਖੁਸ਼ਦੀਪ ਸਿੰਘ, ਰਾਕੇਸ਼ ਕੁਮਾਰ, ਮਾਸਟਰ ਨਛੱਤਰ ਸਿੰਘ, ਐਡਵੋਕੇਟ ਰਵਿੰਦਰ ਸਿੰਘ ਸ਼ਾਮਲ ਸਨ।

ਸੰਘਰਸ਼ ਕਮੇਟੀ ਦੇ ਮੈਂਬਰ ਖੁਸ਼ਦੀਪ ਸਿੰਘ ਨੇ ਕਿਹਾ ਕਿ ਨਵੀਂ ਬਣੀ ਐੱਸ. ਆਈ. ਟੀ. ਨੇ ਕਈ ਪਹਿਲੂਆਂ ਨੂੰ ਨਜ਼ਦਅੰਦਾਜ਼ ਕੀਤਾ ਅਤੇ ਉਹ ਆਪਣੇ ਰਸਤੇ ਤੋਂ ਵੀ ਫਿਸਲ ਗਈ। ਬੰਬ ਬਲਾਸਟ ਦੌਰਾਨ ਮਾਰੇ ਗਏ ਰਿਪਨਦੀਪ ਦੇ ਪਰਿਵਾਰ ਦੇ ਮੈਂਬਰ ਮਾਸਟਰ ਨਛੱਤਰ ਸਿੰਘ ਨੇ ਕਿਹਾ ਕਿ ਇਸ ਜਾਂਚ 'ਚ ਹਰਮੰਦਰ ਸਿੰਘ ਜੱਸੀ ਸਮੇਤ ਉਸ ਦੇ ਭਰਾ ਗੋਪਾਲ ਸਿੰਘ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਤਰਕ ਦਿੱਤਾ ਕਿ ਬੰਬ ਬਲਾਸਟ ਦੌਰਾਨ ਗੋਪਾਲ ਸਿੰਘ ਨੇ ਦੋਸ਼ੀਆਂ ਨਾਲ ਹੱਥ ਮਿਲਾਏ ਸੀ ਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਸੀ। ਉਸ ਨੇ ਇਹ ਵੀ ਕਿਹਾ ਕਿ ਗੱਡੀ ਅੱਗੇ ਖੜ੍ਹੀ ਹੈ ਇਸ ਦਾ ਕੀ ਮਕਸਦ ਹੈ? ਇਹ ਪੁਲਸ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਲਈ ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ 31 ਜਨਵਰੀ 2017 ਨੂੰ ਰਜਨੀਸ਼ ਨੇ ਕਿਸ ਦੇ ਇਸ਼ਾਰੇ 'ਤੇ ਇਹ ਰੈਲੀ ਰੱਖੀ ਸੀ ਇਸ ਦੀ ਵੀ ਜਾਂਚ ਕੀਤੀ ਜਾਵੇ। ਜੇਕਰ ਉਸ ਦਿਨ ਦੇ ਸਾਰਿਆਂ ਦੇ ਫੋਨ ਖੰਗਾਲੇ ਜਾਣ ਤਾਂ ਪੁਲਸ ਨੂੰ ਕਈ ਸੁਰਾਗ ਹੱਥ ਲੱਗ ਸਕਦੇ ਹਨ। ਪੀੜਤ ਪਰਿਵਾਰਾਂ ਨੇ ਕਿਹਾ ਕਿ 3 ਸਾਲ ਦੇ ਬਾਅਦ ਵੀ ਪੁਲਸ ਖਾਕ ਛਾਣਦੀ ਨਜ਼ਰ ਆਈ। ਹਾਲੇ ਤੱਕ ਉਹ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਕਰਨ 'ਚ ਸਫ਼ਲ ਨਹੀਂ ਹੋ ਸਕੀ।
 


Anuradha

Content Editor

Related News