ਕੈਪਟਨ ਦੀ ਰਿਹਾਇਸ਼ ਨੇੜੇ ਲੱਗਣਗੀਆਂ ਸੈਲਾਨੀਆਂ ਦੀਆਂ ਮੌਜਾਂ, ਲੈ ਸਕਣਗੇ ਜ਼ਿੰਦਗੀ ਦੇ ਪੂਰੇ ਨਜ਼ਾਰੇ (ਤਸਵੀਰਾਂ)

Monday, Apr 19, 2021 - 10:47 AM (IST)

ਕੈਪਟਨ ਦੀ ਰਿਹਾਇਸ਼ ਨੇੜੇ ਲੱਗਣਗੀਆਂ ਸੈਲਾਨੀਆਂ ਦੀਆਂ ਮੌਜਾਂ, ਲੈ ਸਕਣਗੇ ਜ਼ਿੰਦਗੀ ਦੇ ਪੂਰੇ ਨਜ਼ਾਰੇ (ਤਸਵੀਰਾਂ)

ਨਵਾਂਗਰਾਓਂ (ਮੁਨੀਸ਼) : ਨਿਊ ਚੰਡੀਗੜ੍ਹ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੋਂ ਕੁੱਝ ਦੂਰੀ ’ਤੇ ਸਥਿਤ ਸਿਸਵਾ ਡੈਮ ਨੂੰ ਸੈਰ-ਸਪਾਟੇ ਵਾਲੀ ਥਾਂ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕੈਪਟਨ ਦੀ ਰਿਹਾਇਸ਼ ਨੇੜੇ ਸੈਲਾਨੀਆਂ ਦੀਆਂ ਮੌਜਾਂ ਲੱਗ ਜਾਣਗੀਆਂ ਅਤੇ ਉਹ ਜ਼ਿੰਦਗੀ ਦੇ ਪੂਰੇ ਨਜ਼ਾਰੇ ਲੈ ਸਕਣਗੇ। ਚੰਡੀਗੜ੍ਹ ਦੀ ਸੁਖਨਾ ਝੀਲ ਵਾਂਗ ਹੁਣ ਸੈਲਾਨੀ ਸਿਸਵਾਂ ਡੈਮ ਵਿਚ ਵੀ ਬੋਟਿੰਗ ਦਾ ਆਨੰਦ ਲੈ ਸਕਣਗੇ। ਇਹੀ ਨਹੀਂ, ਇੱਥੇ ਸੈਲਾਨੀਆਂ ਲਈ ਖਾਣ-ਪੀਣ ਤੋਂ ਇਲਾਵਾ ਠਹਿਰਣ ਸਬੰਧੀ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜੰਗਲਾਤ ਮਹਿਕਮੇ ਵੱਲੋਂ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਛੇਤੀ ਮੁਕੰਮਲ ਹੋਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ ਸਿਸਵਾਂ ਡੈਮ ’ਤੇ ਸੈਲਾਨੀਆਂ ਦੇ ਠਹਿਰਣ ਲਈ ਚਾਰ ਟੈਂਟ ਹਾਊਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਬੱਚਿਆਂ ਲਈ ਇਕ ਪਾਰਕ ਵੀ ਬਣਾਇਆ ਜਾਵੇਗਾ, ਜਿਸ ਵਿਚ ਬੈਠਣ ਲਈ ਬੈਂਚਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਫੁੱਲ ਵੀ ਲਾਏ ਜਾਣਗੇ। ਇਹੀ ਨਹੀਂ, ਪਾਰਕ ਵਿਚ ਫੁਹਾਰਿਆਂ ਤੋਂ ਇਲਾਵਾ ਇਕ ਕੈਫੇ ਅਤੇ 2 ਗਜੀਬੋ ਵੀ ਬਣਾਏ ਜਾ ਰਹੇ ਹਨ। ਮੌਕੇ ’ਤੇ ਜੰਗਲਾਤ ਮਹਿਕਮੇ ਦੇ ਰੇਂਜ ਦਫ਼ਤਰ ਅਤੇ ਬਲਾਕ ਅਫ਼ਸਰ ਰਾਜਵਿੰਦਰ ਸਿੰਘ ਸਮਰਾ ਸਮੇਤ ਜੰਗਲਾਤ ਕਰਮਚਾਰੀ ਵੀ ਚੱਲ ਰਹੇ ਕਾਰਜਾਂ ਦਾ ਰੋਜ਼ਾਨਾ ਨਿਰੀਖਣ ਕਰਦੇ ਹਨ।

ਇਹ ਵੀ ਪੜ੍ਹੋ : ਗਾਇਕ 'ਕਰਨ ਔਜਲਾ' ਦੇ ਜੇਲ੍ਹ ਦੌਰੇ ਮਾਮਲੇ 'ਚ ਪਹਿਲੀ ਵਿਕੇਟ ਡਿਗੀ, ਹੁਣ ਹੋ ਸਕਦੀ ਹੈ ਹੋਰ ਵੱਡੀ ਕਾਰਵਾਈ

PunjabKesari
ਮੁੱਖ ਮੰਤਰੀ ਵੀ ਵਿਖਾ ਰਹੇ ਹਨ ਪ੍ਰਾਜੈਕਟ ’ਚ ਦਿਲਚਸਪੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਇਸ ਪ੍ਰਾਜੈਕਟ ਵਿਚ ਦਿਲਚਸਪੀ ਵਿਖਾ ਰਹੇ ਹਨ ਅਤੇ ਡੈਮ ’ਤੇ ਚੱਲ ਰਹੇ ਨਿਰਮਾਣ ਅਤੇ ਹੋਰ ਕਾਰਜਾਂ ਦਾ ਨਿਰੀਖਣ ਕਰ ਚੁੱਕੇ ਹਨ। ਇਹੀ ਨਹੀਂ ਸਬੰਧਿਤ ਮਹਿਕਮਿਆਂ ਦੇ ਕਈ ਉੱਚ ਅਧਿਕਾਰੀ ਵੀ ਮੌਕੇ ਦਾ ਦੌਰਾ ਕਰ ਕੇ ਅਧਿਕਾਰੀਆਂ ਤੋਂ ਕੰਮ ਦੀ ਰਿਪੋਰਟ ਮੰਗਦੇ ਹਨ।

ਇਹ ਵੀ ਪੜ੍ਹੋ : ਜਗਰਾਓਂ 'ਚ 'ਧੀ' ਨੇ ਜ਼ਹਿਰ ਦੇ ਕੇ ਖ਼ਤਮ ਕੀਤਾ ਪੂਰਾ ਪਰਿਵਾਰ, ਜਾਣੋ ਕੀ ਰਿਹਾ ਕਾਰਨ

PunjabKesari
ਜੰਗਲਾਤ ਮਹਿਕਮਾ 35 ਲੱਖ ਦੀ ਲਾਗਤ ਨਾਲ ਕਰਵਾ ਰਿਹੈ ਕੰਮ
ਜੰਗਲਾਤ ਮਹਿਕਮੇ ਦੇ ਡੀ. ਐੱਫ. ਓ. ਗੁਰਅਮਨ ਸਿੰਘ ਉਮਰ ਨੇ ਦੱਸਿਆ ਕਿ ਨਿਊ ਚੰਡੀਗੜ੍ਹ ਕੋਲ ਸਿਸਵਾ ਡੈਮ ’ਤੇ ਇਕ ਅਨੋਖਾ ਪਾਰਕ ਤਿਆਰ ਕਰ ਦਿੱਤਾ ਗਿਆ ਹੈ। ਲੋਕਾਂ ਦੇ ਬੈਠਣ ਲਈ ਬੈਂਚਾਂ ਤੋਂ ਇਲਾਵਾ ਕਈ ਸ਼ੈੱਡ ਵੀ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬੋਟਿੰਗ ਸਬੰਧੀ ਵੀ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਬੋਟਿੰਗ ਸਬੰਧੀ ਟ੍ਰਾਇਲ ਵੀ ਲਿਆ ਜਾ ਚੁੱਕਿਆ ਹੈ ਅਤੇ ਰਿਪੋਰਟ ਦੀ ਸਮੀਖਿਆ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 35 ਲੱਖ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ, ਜੋ ਛੇਤੀ ਮੁਕੰਮਲ ਹੋ ਜਾਣਗੇ। ਇਨ੍ਹਾਂ ਕੰਮਾਂ ਦੇ ਪੂਰੇ ਹੋਣ ਤੋਂ ਬਾਅਦ ਇਹ ਥਾਂ ਸੈਰ-ਸਪਾਟੇ ਵਾਲੀ ਜਗ੍ਹਾ ਵਜੋਂ ਵਿਕਸਿਤ ਹੋ ਜਾਵੇਗੀ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਕੋਰੋਨਾ' ਦਾ ਕਹਿਰ, ਹੁਣ ਪੁਲਸ ਕਮਿਸ਼ਨਰ 'ਰਾਕੇਸ਼ ਅਗਰਵਾਲ' ਦੀ ਰਿਪੋਰਟ ਆਈ ਪਾਜ਼ੇਟਿਵ

PunjabKesari
ਇਕ ਕਰੋੜ ਦੀ ਲਾਗਤ ਨਾਲ ਇੰਟਰਪ੍ਰੀਟੇਸ਼ਨ ਸੈਂਟਰ ਬਣਾਇਆ ਜਾਵੇਗਾ
ਵਾਈਲਡ ਲਾਈਫ ਮਹਿਕਮੇ ਵੱਲੋਂ ਸਿਸਵਾਂ ਡੈਮ ਵਿਚ ਇੰਟਰਪ੍ਰੀਟੇਸ਼ਨ ਸੈਂਟਰ ਵੀ ਬਣਾਇਆ ਜਾਵੇਗਾ। ਉੱਥੇ ਹੀ ਮਹਿਕਮੇ ਵੱਲੋਂ ਡੈਮ ਵਿਚ ਇਕ ਸ਼ਾਨਦਾਰ ਐਂਟਰੀ ਗੇਟ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਡੀ. ਐੱਫ. ਓ. ਮੋਨਿਕਾ ਯਾਦਵ ਨੇ ਦੱਸਿਆ ਕਿ 1 ਕਰੋੜ ਰੁਪਏ ਦੀ ਲਾਗਤ ਨਾਲ ਸੈਂਟਰ ’ਤੇ ਐਂਟਰੀ ਗੇਟ ਅਤੇ ਪਾਰਕਿੰਗ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਕੰਮ ਜਾਰੀ ਹੈ।

PunjabKesari
ਮਿਰਜ਼ਾਪੁਰ ਰੈਸਟ ਹਾਊਸ ਵੀ ਨੇੜੇ 
ਸਿਸਵਾਂ ਡੈਮ ਤੋਂ ਮਿਰਜ਼ਾਪੁਰ ਰੈਸਟ ਹਾਊਸ ਵੀ ਕੁੱਝ ਦੂਰੀ ’ਤੇ ਹੈ। ਉੱਥੇ ਹੀ ਸਰਕਾਰ ਵੱਲੋਂ ਡੈਮ ਤੋਂ ਲੈ ਕੇ ਮਿਰਜ਼ਾਪੁਰ ਰੈਸਟ ਹਾਊਸ ਤੱਕ ਜਾਣ ਲਈ 6 ਕਿ. ਮੀ. ਲੰਬੀ ਨੇਚਰ ਟਰੇਲ ਦਾ ਨਿਰਮਾਣ ਵੀ ਕੀਤਾ ਜਾ ਚੁੱਕਿਆ ਹੈ। ਸੈਲਾਨੀ ਡੈਮ ਦੇ ਨਾਲ-ਨਾਲ ਪੈਦਲ ਚੱਲ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਨਜ਼ਾਰਾ ਲੈਂਦੇ ਹੋਏ ਮਿਰਜ਼ਾਪੁਰ ਰੈਸਟ ਹਾਊਸ ਤਕ ਪਹੁੰਚ ਸਕਣਗੇ। ਰੈਨੋਵੇਸ਼ਨ ਕਰ ਕੇ ਰੈਸਟ ਹਾਊਸ ਨੂੰ ਨਵਾਂ ਰੂਪ ਦਿੱਤਾ ਜਾ ਚੁੱਕਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News