ਭੈਣਾਂ ਨੇ ਕਰੋੜਾਂ ਦੀ ਜਾਇਦਾਦ ਹੜੱਪਣ ਲਈ ਭਰਾ ਦਾ ਕੀਤਾ ਕਤਲ
Saturday, Jul 06, 2019 - 06:13 PM (IST)

ਬੋਹਾ (ਬਾਂਸਲ) : ਕਰੋੜਾਂ ਰੁਪਏ ਦੀ ਜਾਇਦਾਦ ਹੜੱਪਣ ਲਈ ਦੋ ਭੈਣਾਂ ਵਲੋਂ ਪਤੀ ਤੇ ਪੁੱਤਰ ਨਾਲ ਮਿਲ ਕੇ ਭਰਾ ਦਾ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਐੱਸ. ਪੀ. ਬੁਢਲਾਡਾ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਪਿੰਡ ਉੱਡਤ ਸੈਦੇਵਾਲਾ ਦੇ ਕਿਸਾਨ ਗੁਰਚਰਨ ਸਿੰਘ ਦੀ ਲਾਸ਼ ਦੀ ਸੂਚਨਾ ਮਾਨਸਾ ਸਿਵਲ ਹਸਪਤਾਲ ਤੋਂ ਪ੍ਰਾਪਤ ਹੋਣ ਤੋਂ ਬਾਅਦ ਭਾਵੇਂ ਪੁਲਸ ਨੇ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਅਮਲ 'ਚ ਲਿਆਂਦੀ ਸੀ ਪਰ ਮਾਮਲਾ ਪੋਸਟਮਾਰਟਮ ਦੌਰਾਨ ਲਾਸ਼ ਦੀ ਹਾਲਤ ਸ਼ੱਕ ਦੇ ਘੇਰੇ ਆ ਗਈ।
ਪੁਲਸ ਨੇ ਮਾਮਲੇ ਦੀ ਖੁਫੀਆ ਪੜਤਾਲ ਕੀਤੀ, ਜਾਂਚ 'ਚ ਖੁਲਾਸਾ ਹੋਇਆ ਕਿ ਗੁਰਚਰਨ ਸਿੰਘ ਤੋਂ ਜ਼ਮੀਨ ਹੜੱਪਣ ਦੇ ਲਾਲਚ 'ਚ ਉਸ ਦੀਆਂ ਦੋ ਭੈਣਾਂ ਸਰਬਜੀਤ ਕੌਰ, ਦਲਜੀਤ ਕੌਰ ਅਤੇ ਜੀਜਾ ਧਰਮ ਸਿੰਘ ਅਤੇ ਭਾਣਜਾ ਜਤਿੰਦਰ ਸਿੰਘ ਨੇ ਮਿਲ ਕੇ ਗੁਰਚਰਨ ਸਿੰਘ ਨਾਲ ਲੜਾਈ-ਝਗੜਾ ਕੀਤਾ ਅਤੇ ਕੁੱਟ-ਮਾਰ 'ਚ ਉਸ ਦੀ ਮੌਤ ਹੋ ਗਈ। ਪੁਲਸ ਨੇ ਪੜਤਾਲੀਆ ਰਿਪੋਰਟ 'ਤੇ ਮ੍ਰਿਤਕ ਦੀਆਂ ਦੋ ਭੈਣਾਂ, ਜੀਜਾ ਅਤੇ ਭਾਣਜੇ ਖਿਲਾਫ ਧਾਰਾ 302 ਅਧੀਨ ਮੁਕੱਦਮਾ ਦਰਜ ਕਰਕੇ 24 ਘੰਟਿਆਂ ਦੇ ਅੰਦਰ ਦਲਜੀਤ ਕੌਰ ਅਤੇ ਉਸਦੇ ਪਤੀ ਧਰਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਕਤਲ ਦੀ ਗੁੱਥੀ ਸੁਲਝਾ ਲਈ ਹੈ।