ਸਿੱਪੀ ਕਤਲ ਕੇਸ ’ਚ ਟ੍ਰਾਇਲ ਸ਼ੁਰੂ, ਗਵਾਹ ਦੇ ਬਿਆਨ ਹੋਏ ਦਰਜ

Tuesday, Jul 09, 2024 - 02:43 PM (IST)

ਸਿੱਪੀ ਕਤਲ ਕੇਸ ’ਚ ਟ੍ਰਾਇਲ ਸ਼ੁਰੂ, ਗਵਾਹ ਦੇ ਬਿਆਨ ਹੋਏ ਦਰਜ

ਚੰਡੀਗੜ੍ਹ (ਪ੍ਰੀਕਸ਼ਿਤ) : ਮਸ਼ਹੂਰ ਸਿੱਪੀ ਸਿੱਧੂ ਕਤਲ ਕਾਂਡ ’ਚ ਸੋਮਵਾਰ ਨੂੰ ਕਰੀਬ 9 ਸਾਲਾਂ ਬਾਅਦ ਮੁਲਜ਼ਮ ਕਲਿਆਣੀ ਸਿੰਘ ਖ਼ਿਲਾਫ਼ ਕੇਸ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਦੌਰਾਨ ਜਾਂਚ ਏਜੰਸੀ ਨੇ ਇੱਕ ਗਵਾਹ ਨੂੰ ਪੇਸ਼ ਕੀਤਾ। ਗਵਾਹ ਅਦਾਲਤ 'ਚ ਸੀ. ਬੀ.ਆਈ. ਦਿੱਤੇ ਬਿਆਨਾਂ ਨੂੰ ਹੀ ਦੁਹਰਾਉਂਦੇ ਹੋਏ ਪੁਰਾਣੀ ਸਟੇਟਮੈਂਟ ’ਤੇ ਕਾਇਮ ਰਿਹਾ। ਹੁਣ 11 ਜੁਲਾਈ ਨੂੰ ਮੁਲਜ਼ਮ ਕਲਿਆਣੀ ਦੇ ਵਕੀਲ ਗਵਾਹ ਦਾ ਕ੍ਰਾਸ ਐਗਜ਼ਾਮਿਨੇਸ਼ਨ ਕਰਨਗੇ। ਸੀ. ਬੀ. ਆਈ. ਨੇ ਮਾਮਲੇ 'ਚ ਕੁੱਲ 94 ਲੋਕਾਂ ਨੂੰ ਗਵਾਹ ਬਣਾਇਆ ਹੈ। ਕਰੀਬ 2 ਮਹੀਨੇ ਪਹਿਲਾਂ ਹੀ ਅਦਾਲਤ ਨੇ ਤੈਅ ਕਰ ਦਿੱਤਾ ਸੀ ਕਿ ਮੁਲਜ਼ਮ ਕਲਿਆਣੀ ਦੇ ਖ਼ਿਲਾਫ ਕਤਲ, ਸਾਜ਼ਿਸ਼ ਰਚਣ ਅਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਤਹਿਤ ਕੇਸ ਚੱਲੇਗਾ। ਉੱਥੇ ਹੀ, ਟ੍ਰਾਈਲ ਨੂੰ ਲੈ ਕੇ ਸੋਮਵਾਰ ਨੂੰ ਅਦਾਲਤ ਵਿਚ ਸੁਰੱਖਿਆ ਵਿਵਸਥਾ ਦੇ ਵੀ ਇੰਤਜ਼ਾਮ ਕੀਤੇ ਗਏ ਸੀ।
ਇਹ ਸੀ ਮਾਮਲਾ
ਸੈਕਟਰ-27 ਦੀ ਪਾਰਕ 'ਚ ਕਰੀਬ 9 ਸਾਲ ਪਹਿਲਾਂ 20 ਸਤੰਬਰ 2015 ਨੂੰ ਨੈਸ਼ਨਲ ਸ਼ੂਟਰ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੈਕਟਰ-26 ਥਾਣਾ ਪੁਲਸ ਨੇ ਅਣਪਛਾਤੇ ਖ਼ਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਤਲ ਕੇਸ ਨੂੰ ਸੁਲਝਾਉਣ 'ਚ ਨਾਕਾਮਯਾਬ ਸਾਬਤ ਹੋਈ ਸੀ। ਪੀੜਤ ਪਰਿਵਾਰ ਦੇ ਦੋਸ਼ਾਂ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਲ 2016 'ਚ ਕੇਸ ਸੀ. ਬੀ. ਆਈ. ਨੂੰ ਟਰਾਂਸਫਰ ਕਰ ਦਿੱਤਾ ਸੀ। ਸੀ. ਬੀ. ਆਈ. ਕੇਸ 'ਚ ਪੁੱਛ-ਪੜਤਾਲ ਕਰਦੀ ਰਹੀ ਪਰ 7 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਤਲ ਕੇਸ ਦਾ ਹੱਲ ਨਹੀਂ ਹੋਇਆ। ਸੀ. ਬੀ. ਆਈ. ਨੇ ਅਨਟ੍ਰੇਸ ਰਿਪੋਰਟ ਫਾਈਲ ਕਰ ਦਿੱਤੀ ਸੀ, ਪਰ ਜਾਂਚ ਜਾਰੀ ਰੱਖਦੇ ਹੋਏ ਜੂਨ 2022 ਵਿਚ ਕਲਿਆਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 3 ਮਹੀਨੇ ਬਾਅਦ ਹੀ ਕਲਿਆਣੀ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ।
ਕਦੋਂ-ਕਦੋਂ ਕੀ-ਕੀ ਹੋਇਆ
20 ਸਤੰਬਰ 2015 ਨੂੰ ਸੈਕਟਰ-27 ਦੇ ਪਾਰਕ ਵਿਚ ਸਿੱਪੀ ਦਾ ਗੋਲੀ ਮਾਰ ਕੇ ਕਤਲ, ਮੁਲਜ਼ਮ ਫ਼ਰਾਰ
13 ਅਪ੍ਰੈਲ 2016 ਨੂੰ ਕੇਸ ਚੰਡੀਗੜ੍ਹ ਪੁਲਸ ਤੋਂ ਸੀ. ਬੀ. ਆਈ. ਕੋਲ ਜਾਂਚ ਲਈ ਪਹੁੰਚਿਆ।
7 ਦਸੰਬਰ 2020 ਨੂੰ ਕਰੀਬ ਚਾਰ ਸਾਲ ਦੀ ਜਾਂਚ ਤੋਂ ਬਾਅਦ ਸੀ. ਬੀ. ਆਈ. ਨੇ ਮਾਮਲੇ ਵਿਚ ਅਣਟਰੇਸ ਰਿਪੋਰਟ ਕੀਤੀ ਫਾਈਲ
15 ਜੂਨ 2022 ਨੂੰ ਸਿੱਪੀ ਦੇ ਕਤਲ ਦੇ ਦੋਸ਼ ਵਿਚ ਸੀ.ਬੀ.ਆਈ. ਨੇ ਕਲਿਆਣੀ ਸਿੰਘ ਨੂੰ ਕੀਤਾ ਗ੍ਰਿਫ਼ਤਾਰ
12 ਸਤੰਬਰ 2022 ਨੂੰ ਮੁਲਜ਼ਮ ਕਲਿਆਣੀ ਖ਼ਿਲਾਫ਼ ਸੀ.ਬੀ.ਆਈ. ਨੇ ਅਦਾਲਤ ਵਿਚ ਦਾਖ਼ਲ ਕੀਤਾ ਦੋਸ਼ ਪੱਤਰ
13 ਸਤੰਬਰ 2022 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਮੁਲਜ਼ਮ ਕਲਿਆਣੀ ਨੂੰ ਮਿਲੀ ਜ਼ਮਾਨਤ
4 ਮਈ 2024 ਨੂੰ ਵਿਸ਼ੇਸ਼ ਅਦਾਲਤ ਨੇ ਮੁਲਜ਼ਮ ਕਲਿਆਣੀ ਦੇ ਖ਼ਿਲਾਫ਼ ਦੋਸ਼ ਕੀਤੇ ਤੈਅ।


author

Babita

Content Editor

Related News