ਇੰਡੋਨੇਸ਼ੀਆ 'ਚ ਪੰਜਾਬੀ ਮੁਟਿਆਰ ਨੇ ਗੱਡੇ ਝੰਡੇ, ਕੈਪਟਨ ਨੇ ਦਿੱਤੀ ਵਧਾਈ

Friday, Aug 02, 2019 - 04:37 PM (IST)

ਇੰਡੋਨੇਸ਼ੀਆ 'ਚ ਪੰਜਾਬੀ ਮੁਟਿਆਰ ਨੇ ਗੱਡੇ ਝੰਡੇ, ਕੈਪਟਨ ਨੇ ਦਿੱਤੀ ਵਧਾਈ

ਨਵੀਂ ਦਿੱਲੀ/ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਛੋਟੇ ਜਿਹੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਇੰਡੋਨੇਸ਼ੀਆ 'ਚ ਆਪਣੀ ਹਸਤੀ ਕਾਇਮ ਕੀਤੀ ਹੈ। ਸਿਮਰਨਜੀਤ ਕੌਰ ਨੇ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਨ ਬਾਜੂ 'ਚ ਸੰਪੇਨ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ 'ਚ ਸੋਨ ਤਮਗਾ ਜਿੱਤ ਕੇ ਝੰਡੇ ਗੱਡ ਦਿੱਤੇ ਹਨ। ਇਸ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਟਵੀਟ ਕਰਕੇ ਸਿਮਰਨਜੀਤ ਕੌਰ ਨੂੰ ਵਧਾਈ ਦਿੱਤੀ ਗਈ ਹੈ, ਜਿਸ 'ਤੇ ਸਿਮਰਨਜੀਤ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਸਿਮਰਨਜੀਤ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ 'ਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕਰੇ। ਸਿਮਰਨਜੀਤ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਅਤੇ ਕੋਚ ਦੇ ਸਿਰ ਬੰਨ੍ਹਿਆ ਹੈ।
ਦੱਸ ਦੇਈਏ ਕਿ ਭਾਰਤ ਦੀ ਬਾਕਸਿੰਗ ਟੀਮ ਨੇ ਇਸ ਟੂਰਨਾਮੈਂਟ 'ਚ ਕੁੱਲ 7 ਸੋਨੇ ਅਤੇ 2 ਚਾਂਦੀ ਦੇ ਤਮਗੇ ਦਿੱਤੇ ਹਨ। ਇਨ੍ਹਾਂ ਜੇਤੂਆਂ 'ਚ 4 ਮਹਿਲਾ ਮੁੱਕੇਬਾਜ਼ ਸ਼ਾਮਲ ਹਨ, ਜਿਨ੍ਹਾਂ 'ਚ ਪੰਜਾਬ ਦੀ ਸਿਮਰਨਜੀਤ ਕੌਰ ਤੋਂ ਇਲਾਵਾ ਓਲੰਪਿਕ ਤਮਗਾ ਜੇਤੂ ਐੱਮ. ਸੀ. ਮੇਰੀਕੌਮ, ਜਮੁਨਾ ਬੋਰੋ ਤੇ ਮੋਨਿਕਾ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੇ ਸੋਨੇ ਦੇ ਤਮਗੇ ਭਾਰਤ ਦੀ ਝੋਲੀ ਪਾਏ ਹਨ। 


author

Babita

Content Editor

Related News