ਅਦਾਲਤੀ ਹੁਕਮਾਂ ਨੂੰ ਵੀ ਜਾਣਦੇ ਨੇ ਟਿੱਚ, ਕਰਾਂਗੇ ਰਿੱਟ ਦਾਇਰ : ਬੈਂਸ

04/19/2018 4:31:22 AM

ਲੁਧਿਆਣਾ(ਪਾਲੀ)-ਅਦਾਲਤੀ ਹੁਕਮਾਂ ਦੇ ਬਾਵਜੂਦ ਲਾਡੋਵਾਲ ਟੋਲ ਪਲਾਜ਼ਾ 'ਤੇ ਲੋਕਾਂ ਤੋਂ ਟੋਲ ਵਸੂਲੇ ਜਾਣ ਦਾ ਪਤਾ ਲਗਦੇ ਹੀ ਲੋਕ ਇਨਸਾਫ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ਹਮਾਇਤੀਆਂ ਸਮੇਤ ਪੁੱਜੇ ਅਤੇ ਸਭ ਤੋਂ ਪਹਿਲਾਂ ਟੋਲ ਅਧਿਕਾਰੀਆਂ ਤੋਂ ਫੀਸ ਵਸੂਲਣ ਦਾ ਕਾਰਨ ਪੁੱਛਿਆ, ਜਿਸ 'ਤੇ ਟੋਲ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਦਾਲਤ ਦੀ ਅਗਲੀ ਸੁਣਵਾਈ 24 ਅਪ੍ਰੈਲ ਨੂੰ ਹੋਣ ਸਬੰਧੀ ਕਾਪੀ ਦਿਖਾਈ ਪਰ ਵਿਧਾਇਕ ਬੈਂਸ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਵਾਹਨਾਂ ਨੂੰ ਬਿਨਾਂ ਪਰਚੀ ਕਟਵਾਏ ਪਲਾਜ਼ਾ ਤੋਂ ਕੱਢਿਆ। ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟੋਲ ਪਲਾਜ਼ਾ ਦੇ ਅਧਿਕਾਰੀ ਅੱਜ ਇੰਨੇ ਵੱਡੇ ਹੋ ਗਏ ਹਨ ਕਿ ਅਦਾਲਤ ਦੇ ਹੁਕਮਾਂ ਨੂੰ ਵੀ ਨਹੀਂ ਮੰਨ ਰਹੇ। ਉਨ੍ਹਾਂ ਕਿਹਾ ਕਿ ਟੋਲ ਬੈਰੀਅਰ ਇਕ ਮਾਫੀਆ ਬਣ ਚੁੱਕਾ ਹੈ, ਜਿਸ 'ਤੇ ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀਆਂ ਦਾ ਹੱਥ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਟੋਲ ਪਲਾਜ਼ਾ 'ਤੇ 3 ਮਿੰਟ ਤੋਂ ਜ਼ਿਆਦਾ ਸਮਾਂ ਲੱਗਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਵੀਰਵਾਰ ਸਵੇਰੇ ਉਹ ਲੁਧਿਆਣਾ ਦੇ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਅਤੇ ਹੋਰਨਾਂ ਪੁਲਸ ਅਧਿਕਾਰੀਆਂ ਦੇ ਧਿਆਨ ਵਿਚ ਵੀ ਗੱਲ ਲਿਆ ਕੇ ਪੁਲਸ ਨੂੰ ਨਾਲ ਲੈ ਕੇ ਟੋਲ ਪਲਾਜ਼ਾ 'ਤੇ ਨਾਜਾਇਜ਼ ਕੀਤੀ ਜਾ ਰਹੀ ਉਗਰਾਹੀ ਨੂੰ ਬੰਦ ਕਰਵਾਉਣਗੇ ਅਤੇ ਵੀਰਵਾਰ ਤੋਂ ਲੋਕ ਇਨਸਾਫ ਪਾਰਟੀ ਦੇ ਸਮੂਹ ਵਾਲੰਟੀਅਰਾਂ ਦੀ ਵੀ ਟੋਲ ਪਲਾਜ਼ਾ 'ਤੇ ਡਿਊਟੀ ਲਾਉਣਗੇ ਜੋ ਲੋਕਾਂ ਨੂੰ ਜਾਗਰੂਕ ਕਰਨਗੇ ਉੱਥੇ ਦੂਜੇ ਪਾਸੇ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਕੋਲ ਖੁਦ ਖੜ੍ਹੇ ਰਹਿਣਗੇ ਤਾਂ ਜੋ ਪ੍ਰਬੰਧਕ ਲੋਕਾਂ ਕੋਲੋਂ ਨਾਜਾਇਜ਼ ਵਸੂਲੀ ਨਾ ਕਰ ਸਕਣ। 


Related News