ED ਨੇ ਕੇਜਰੀਵਾਲ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਇਰ, ''ਆਪ'' ਨੂੰ ਬਣਾਇਆ ਦੋਸ਼ੀ
Friday, May 17, 2024 - 06:23 PM (IST)
ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਦੋਸ਼ ਪੱਤਰ (ਚਾਰਜਸ਼ੀਟ) ਦਾਇਰ ਕੀਤੀ। ਇਸ 'ਚ ਆਮ ਆਦਮੀ ਪਾਰਟੀ (ਆਪ) ਨੂੰ ਵੀ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਏਜੰਸੀ ਨੇ ਵਿਸ਼ੇਸ਼ ਅਦਾਲਤ 'ਚ ਇਸਤਗਾਸਾ ਸ਼ਿਕਾਇਤ (ਚਾਰਜਸ਼ੀਟ) ਦਾਇਰ ਕੀਤੀ ਅਤੇ ਦੋਸ਼ੀ ਖ਼ਿਲਾਫ਼ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਅਧੀਨ ਦੋਸ਼ ਤੈਅ ਕਰਨ ਦੀ ਅਪੀਲ ਕੀਤੀ। ਏਜੰਸੀ ਨੇ 'ਆਪ' ਦੇ ਰਾਸ਼ਟਰੀ ਕਨਵੀਨਰ 55 ਸਾਲਾ ਕੇਜਰੀਵਾਲ ਨੂੰ 21 ਮਾਰਚ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਅੰਤਰਿਮ ਜ਼ਮਾਨਤ 'ਤੇ ਹਨ। ਇਸ ਮਾਮਲੇ 'ਚ ਈ.ਡੀ. ਵਲੋਂ ਦਾਖ਼ਲ ਇਹ 8ਵਾਂ ਦੋਸ਼ ਪੱਤਰ ਹੈ ਅਤੇ ਉਹ ਹੁਣ ਤੱਕ 18 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪਿਛਲੇ ਹਫ਼ਤੇ ਇਸੇ ਤਰ੍ਹਾਂ ਦੀ ਚਾਰਜਸ਼ੀਟ ਈ.ਡੀ. ਨੇ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਨੇਤਾ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੀ ਧੀ ਕੇ. ਕਵਿਤਾ ਅਤੇ ਹੋਰ ਚਾਰ ਖ਼ਿਲਾਫ਼ ਦਾਖ਼ਲ ਕੀਤਾ ਸੀ।
ਈ.ਡੀ. ਨੇ ਇਸ ਤੋਂ ਪਹਿਲੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਬਕਾਰੀ ਨੀਤੀ 'ਘਪਲੇ ਦਾ ਸਰਗਨਾ ਅਤੇ ਮੁੱਖ ਸਾਜਿਸ਼ਕਰਤਾ' ਕਰਾਰ ਦਿੱਤਾ ਸੀ। ਏਜੰਸੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਦਿੱਲੀ ਸਰਕਾਰ ਦੇ ਮੰਤਰੀਆਂ, 'ਆਪ' ਨੇਤਾਵਾਂ ਅਤੇ ਹੋਰ ਲੋਕਾਂ ਨਾਲ ਮਿਲੀਭਗਤ ਕਰ ਕੇ ਇਸ ਨੂੰ ਅੰਜਾਮ ਦਿੱਤਾ। ਐਡੀਸ਼ਨਲ ਸਾਲਿਸੀਟਰ ਜਨਰਲ ਐੱਸ.ਵੀ. ਰਾਜੂ ਨੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਇਕ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਸੀ,''ਸਾਡੇ ਕੋਲ ਸਿੱਧੇ ਸਬੂਤ ਹਨ ਕਿ ਕੇਜਰੀਵਾਲ ਇਕ ਸੱਤ ਸਿਤਾਰਾ ਹੋਟਲ 'ਚ ਰੁਕੇ ਸਨ, ਜਿਸ ਦੇ ਬਿੱਲ ਦਾ ਅੰਸ਼ਿਕ ਤੌਰ 'ਤੇ ਭੁਗਤਾਨ ਮਾਮਲੇ ਦੇ ਇਕ ਦੋਸ਼ੀ ਨੇ ਕੀਤਾ ਸੀ।'' ਰਾਜੂ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਹੁਣ ਰੱਦ ਕੀਤੀ ਜਾ ਚੁੱਕੀ ਦਿੱਲੀ ਆਬਕਾਰੀ ਨੀਤੀ ਨੂੰ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ 'ਆਪ' ਦੇ ਰਾਸ਼ਟਰੀ ਕਨਵੀਨਰ ਵਜੋਂ ਕੇਜਰੀਵਾਲ ਘਪਲੇ ਲਈ ਸਿੱਧੇ ਰੂਪ ਨਾਲ ਜ਼ਿੰਮੇਵਾਰ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8