''ਆਪ'' ਲੀਡਰਸ਼ਿਪ ਨੇ ਲੋਕ ਇਨਸਾਫ ਪਾਰਟੀ ਨੂੰ ਦੱਸਿਆ ''ਮੁਹੱਲਾ ਪਾਰਟੀ''
Sunday, Jul 29, 2018 - 05:03 AM (IST)
ਚੰਡੀਗੜ੍ਹ(ਰਮਨਜੀਤ)-ਆਮ ਆਦਮੀ ਪਾਰਟੀ (ਆਪ) ਨੇ ਆਪਣੀ ਸਾਬਕਾ ਸਹਿਯੋਗੀ ਲੋਕ ਇਨਸਾਫ ਪਾਰਟੀ 'ਤੇ ਗੰਭੀਰ ਦੋਸ਼ ਲਾਉਂਦਿਆਂ ਇਸ ਨੂੰ 'ਮੁਹੱਲਾ ਪਾਰਟੀ' ਦੱਸਿਆ ਹੈ। 'ਆਪ' ਦੇ ਸਹਿ ਕਨਵੀਨਰ ਡਾ. ਬਲਬੀਰ ਤੇ ਹੋਰ ਕਈ ਆਗੂਆਂ ਦਾ ਕਹਿਣਾ ਹੈ ਕਿ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾ ਲਗਾਤਾਰ 'ਆਪ' ਵਿਧਾਇਕਾਂ ਨੂੰ ਪਾਰਟੀ ਤੋੜਨ ਲਈ ਉਕਸਾ ਰਹੇ ਹਨ। ਗਠਜੋੜ ਦੀਆਂ ਬੈਠਕਾਂ ਦੌਰਾਨ ਵੀ ਬੈਂਸ ਭਰਾ ਅਜਿਹੀਆਂ ਹੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਰਹੇ ਸਨ। ਉਧਰ 'ਆਪ' ਦੇ ਇਸ ਇਲਜ਼ਾਮ 'ਤੇ ਪਲਟਵਾਰ ਕਰਦਿਆਂ ਲੋਕ ਇਨਸਾਫ ਪਾਰਟੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ 'ਆਪ' ਆਪਣੇ ਪਾਪਾਂ ਲਈ ਦੂਸਰਿਆਂ ਨੂੰ ਦੋਸ਼ ਦੇ ਕੇ ਨਹੀਂ ਚੱਲ ਸਕਦੀ। ਬੈਂਸ ਨੇ ਕਿਹਾ ਕਿ ਉਨ੍ਹਾਂ ਦਾ ਹਰ ਉਸ ਸ਼ਖਸ ਨਾਲ ਸੰਪਰਕ ਹੈ, ਜਿਸ ਦੇ ਦਿਲ ਵਿਚ ਪੰਜਾਬ ਤੇ ਪੰਜਾਬੀਅਤ ਲਈ ਤੜਫ਼ ਹੈ। 'ਆਪ' ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਮਚੇ ਬਵਾਲ ਦੀ ਅੱਗ ਠੰਡੀ ਕਰਨ ਦੀ ਕੋਸ਼ਿਸ਼ ਤਹਿਤ ਸ਼ਨੀਵਾਰ ਨੂੰ ਕਈ ਆਗੂਆਂ ਦਾ ਹਵਾਲਾ ਦਿੰਦੇ ਹੋਏ ਬਿਆਨ ਜਾਰੀ ਕੀਤਾ ਗਿਆ ਹੈ। ਬੈਂਸ ਨੇ ਬਿਆਨ ਦੇ ਜਵਾਬ ਵਿਚ ਕਿਹਾ ਕਿ 'ਆਪ' ਲੀਡਰਸ਼ਿਪ ਦੀ ਇਹ ਕੋਝੀ ਹਰਕਤ ਹੈ ਕਿ ਉਹ ਆਪਣੀ ਪਾਰਟੀ ਦੀਆਂ ਖਾਮੀਆਂ ਤੇ ਤਾਨਾਸ਼ਾਹੀ ਕਾਰਨ ਉਪਜੇ 'ਜਵਾਲਾਮੁਖੀ ਵਿਸਫੋਟ' ਲਈ ਬੈਂਸ ਭਰਾਵਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਬੈਂਸ ਨੇ ਕਿਹਾ ਕਿ ਜੋ ਵਿਧਾਇਕ ਤੇ ਨਵੇਂ ਬਣੇ ਨੇਤਾ ਇਹ ਦੋਸ਼ ਲਾ ਰਹੇ ਹਨ, ਉਹ ਇਸ ਗੱਲ ਦਾ ਜਵਾਬ ਦੇਣ ਕਿ ਇਸ ਤੋਂ ਪਹਿਲਾਂ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ ਤੋਂ ਲੈ ਕੇ ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ, ਐੱਚ. ਐੱਸ. ਖਾਲਸਾ ਵਰਗੇ ਲੋਕਾਂ ਨੂੰ ਵੀ ਕੀ ਬੈਂਸ ਭਰਾਵਾਂ ਕਾਰਨ ਪਾਰਟੀ ਤੋਂ ਬਾਹਰ ਕੀਤਾ ਗਿਆ ਸੀ? ਬੈਂਸ ਨੇ ਕਿਹਾ ਕਿ ਇਹ ਅਜਿਹੀ ਹਾਲਤ ਹੈ ਕਿ 'ਉੱਠਿਆ ਆਪ ਤੋਂ ਨਾ ਜਾਵੇ ਤੇ ਫਿੱਟੇ ਮੂੰਹ ਗੋਡਿਆਂ ਦੇ'।
