ਨਸ਼ੇ ਦੇ ਵਪਾਰੀ ਨੂੰ ਬਚਾਉਣ ''ਚ ਖਾਕੀ ਵਰਦੀ ਦੇ ਰਹੀ ਸਹਿਯੋਗ : ਬੈਂਸ

Wednesday, Jul 19, 2017 - 05:56 AM (IST)

ਨਸ਼ੇ ਦੇ ਵਪਾਰੀ ਨੂੰ ਬਚਾਉਣ ''ਚ ਖਾਕੀ ਵਰਦੀ ਦੇ ਰਹੀ ਸਹਿਯੋਗ : ਬੈਂਸ

ਲੁਧਿਆਣਾ(ਪਾਲੀ)-ਚਿੱਟੇ ਦੇ ਵਪਾਰੀ ਖਿਲਾਫ ਪੁਲਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਗਿਆ ਪਰ ਮਾਣਯੋਗ ਅਦਾਲਤ ਵਿਚ ਸਮੱਗਲਰ ਨੂੰ ਬਚਾਉਣ ਲਈ ਚਿੱਟੇ ਦੇ ਪੈਕੇਟਾਂ ਦੀ ਥਾਂ 10 ਰੁਪਏ ਦਾ ਨੋਟ ਤੇ ਇਕ ਪਾਈਪ ਹੀ ਮੁਕੱਦਮੇ ਵਿਚ ਦਿਖਾਇਆ ਗਿਆ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਪੁਲਸ ਨਸ਼ੇ ਦੇ ਸਮੱਗਲਰਾਂ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ। ਇਹ ਦੋਸ਼ ਅੱਜ ਟੀਮ ਇਨਸਾਫ ਦੇ ਮੁਖੀ ਤੇ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸਾਥੀਆਂ ਸਮੇਤ ਡਾਬਾ ਥਾਣਾ ਵਿਖੇ ਪਹੁੰਚ ਕੇ ਲਾਏ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਨਸ਼ਾ ਸਮੱਗਲਰ ਖਿਲਾਫ ਚਿੱਟੇ ਦੀ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਬਚਾਉਣ ਦੇ ਪੂਰੇ ਯਤਨ ਕੀਤੇ ਹਨ, ਜੋ ਕਿ ਪੰਜਾਬ ਵਿਚ ਨਸ਼ਾ ਸਮੱਗਲਰਾਂ ਨੂੰ ਹੌਸਲਾ ਦੇਣ ਦੀ ਸੋਚੀ-ਸਮਝੀ ਸਾਜ਼ਿਸ਼ ਹੈ। ਬੈਂਸ ਨੇ ਕਿਹਾ ਕਿ ਪੰਜਾਬ ਵਿਚ ਜੇਕਰ ਪੁਲਸ-ਪ੍ਰਸ਼ਾਸਨ ਹੀ ਇਸ ਤਰ੍ਹਾਂ ਨਸ਼ਾ ਸਮੱਗਲਰਾਂ ਦਾ ਸਾਥ ਦਿੰਦਾ ਰਿਹਾ ਤਾਂ ਇਹ ਪੰਜਾਬ ਵਾਸੀਆਂ ਲਈ ਖਤਰਨਾਕ ਸਾਬਿਤ ਹੋਵੇਗਾ। ਬੈਂਸ ਨੇ ਕਿਹਾ ਕਿ ਆਮ ਜਨਤਾ ਦਾ ਭਰੋਸਾ ਪੁਲਸ ਪ੍ਰਸ਼ਾਸਨ 'ਤੇ ਹੁੰਦਾ ਹੈ। ਜੇਕਰ ਪੁਲਸ ਹੀ ਦੋਸ਼ੀਆਂ ਨੂੰ ਬਚਾਉਣ ਲਈ ਖਾਕੀ ਵਰਦੀ ਦਾ ਸਹਾਰਾ ਲੈਂਦੇ ਹੋਏ ਉਨ੍ਹਾਂ ਦਾ ਸਾਥ ਦੇਣ ਲੱਗੀ ਤਾਂ ਪੰਜਾਬ ਕਦੀ ਵੀ ਨਸ਼ਾ ਮੁਕਤ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜੇ ਆਮ ਜਨਤਾ ਨਸ਼ਾ ਸਮੱਗਲਰਾਂ ਨੂੰ ਨਸ਼ੇ ਸਮੇਤ ਫੜ ਕੇ ਪੁਲਸ ਦੇ ਹਵਾਲੇ ਕਰਦੀ ਹੈ ਤਾਂ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਨੂੰ ਸਜ਼ਾ ਦਿਵਾਉਣ ਲਈ ਸਿਆਸੀ ਦਬਾਅ ਤੋਂ ਉੱਪਰ ਉੱਠ ਕੇ ਜਨਤਾ ਦਾ ਸਹਿਯੋਗ ਕਰੇ। ਥਾਣਾ ਡਾਬਾ ਦੇ ਏ. ਸੀ. ਪੀ. ਅਮਨਦੀਪ ਸਿੰਘ ਬਰਾੜ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਪੁਲਸ ਪ੍ਰਸ਼ਾਸਨ 'ਤੇ ਲਾਏ ਗਏ ਦੋਸ਼ਾਂ ਨੂੰ ਨਾਕਾਰਦੇ ਹੋਏ ਕਿਹਾ ਕਿ ਦੋਸ਼ੀ ਗੁਰਿੰਦਰ ਸਿੰਘ ਪਾਸ ਜੋ ਚਿੱਟਾ ਬਰਾਮਦ ਹੋਇਆ ਸੀ, ਉਹ ਤਕਰੀਬਨ ਸੜਿਆ ਹੋਇਆ ਅਤੇ ਨਾਮਾਤਰ ਸੀ। ਪੁਲਸ ਪ੍ਰਸ਼ਾਸਨ ਦਾ ਕੰਮ ਨਹੀਂ ਹੈ ਕਿ ਉਹ ਆਪਣੇ ਕੋਲੋਂ ਨਸ਼ਾ ਪਾ ਕੇ ਦੋਸ਼ੀ ਨੂੰ ਸਜ਼ਾ ਦਿਵਾਏ। ਪੁਲਸ ਪ੍ਰਸ਼ਾਸਨ ਨੇ ਦੋਸ਼ੀ ਗੁਰਿੰਦਰ ਸਿੰਘ 'ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰ ਕੇ ਉਸ ਨੂੰ ਜੇਲ ਵਿਚ ਭੇਜ ਦਿੱਤਾ, ਇਹ ਕੇਵਲ ਸਿਆਸੀ ਸਟੰਟ ਹੈ। ਪੁਲਸ ਪ੍ਰਸ਼ਾਸਨ ਦਾ ਕੰਮ ਜਨਤਾ ਦਾ ਸਹਿਯੋਗ ਕਰਦੇ ਹੋਏ ਦੋਸ਼ੀਆਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਉਣਾ ਹੈ।


Related News