ਬੈਂਸ ਦੇ ਲਾਈਵ ਚਿੱਟਾ ਖਰੀਦਣ ਤੋਂ ਬਾਅਦ ਪੁਲਸ ਦਾ ਐਕਸ਼ਨ
Saturday, Mar 16, 2019 - 06:38 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਬੀਤੇ ਦਿਨੀਂ ਸਿਮਰਜੀਤ ਸਿੰਘ ਬੈਂਸ ਵਲੋਂ ਲੁਧਿਆਣਾ ਦੇ ਟਰਾਂਸਪੋਰਟ ਨਗਰ 'ਚ ਪੈਂਦੀ ਕੌੜਾ ਕਾਲੋਨੀ 'ਚ ਲਾਈਵ ਹੋ ਕੇ ਚਿੱਟਾ ਖ਼ਰੀਦਣ ਤੋਂ ਬਾਅਦ ਪੁਲਸ ਹਰਕਤ ਵਿਚ ਆ ਗਈ ਹੈ। ਸ਼ਨੀਵਾਰ ਨੂੰ ਪੁਲਸ ਨੇ ਕਾਰਵਾਈ ਕਰਦੇ ਹੋਏ ਨਸ਼ਾ ਵੇਚਣ ਵਾਲੀ ਥਾਂ 'ਤੇ ਛਾਪਾ ਮਾਰੀ ਕੀਤੀ। ਲਗਭਗ 100 ਦੇ ਕਰੀਬ ਪੁਲਸ ਮੁਲਾਜ਼ਮਾਂ ਵਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।
ਲੁਧਿਆਣਾ ਦੇ ਟਰਾਂਸਪੋਰਟ ਨਗਰ 'ਚ ਪੈਂਦੀ ਕੌੜਾ ਕਾਲੋਨੀ ਚ ਵੱਡੀ ਤਾਦਾਦ 'ਚ ਪੁਲਸ ਮੁਲਾਜ਼ਮ ਰੇਡ ਕਰਨ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਵਿਚ ਨਸ਼ੇ ਦੀ ਵਿਕਰੀ ਹੁੰਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਇਸੇ ਥਾਂ 'ਤੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੇ ਆਪਣਾ ਇਕ ਵਿਅਕਤੀ ਭੇਜ ਕੇ ਚਿੱਟਾ ਖ਼ਰੀਦਿਆ ਸੀ ਅਤੇ ਇਹ ਸਾਰਾ ਵਾਕਿਆ ਫੇਸਬੁੱਕ 'ਤੇ ਲਾਈਵ ਵੀ ਕੀਤਾ ਸੀ।
ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਹੀ ਉਨ੍ਹਾਂ ਵੱਲੋਂ ਵੱਖ-ਵੱਖ ਇਲਾਕਿਆਂ 'ਚ ਰੇਡ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਡਿਊਟੀ ਬਾਹਰੋਂ ਲੱਗੀ ਹੋਈ ਹੈ, ਸਿਮਰਜੀਤ ਬੈਂਸ ਨੇ ਬੀਤੇ ਦਿਨੀਂ ਕਿੱਥੋਂ ਲਾਈਵ ਕੀਤਾ ਸੀ, ਇਸ ਬਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ।