ਸਿਮਰਜੀਤ ਬੈਂਸ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਭਰਾ ਨੇ ਪ੍ਰੈੱਸ ਕਾਨਫਰੰਸ ਕਰ ਦੱਸੀ ਇਕ-ਇਕ ਗੱਲ

Thursday, Jul 21, 2022 - 01:55 AM (IST)

ਲੁਧਿਆਣਾ (ਪਾਲੀ) : ਲੋਕ ਇਨਸਾਫ ਪਾਰਟੀ ਦੇ ਮੁਖੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ’ਤੇ ਜਬਰ-ਜ਼ਿਨਾਹ ਮਾਮਲੇ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ, ਨੂੰ ਆਤਮ-ਸਮਰਪਣ ਕਰਨ ਤੋਂ ਬਾਅਦ ਕੁਝ ਦਿਨਾਂ ਦੇ ਰਿਮਾਂਡ ਤੋਂ ਬਾਅਦ ਬਰਨਾਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਜੇਲ੍ਹ ਜਾਣ ਉਪਰੰਤ ਸਿਮਰਜੀਤ ਬੈਂਸ ਦੇ ਫੇਸਬੁੱਕ ਪੇਜ ’ਤੇ ਆਈ ਜਾਨੋਂ ਮਾਰਨ ਦੀ ਧਮਕੀ ਬਾਰੇ ਸਾਬਕਾ ਵਿਧਾਇਕ ਜਥੇ. ਬਲਵਿੰਦਰ ਸਿੰਘ ਬੈਂਸ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਜਥੇਦਾਰ ਬੈਂਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਵੀ 2 ਵਾਰ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ। ਬੀਤੀ ਰਾਤ 10 ਵਜੇ ਉਨ੍ਹਾਂ ਦੇ ਫੇਸਬੁੱਕ ਪੇਜ ’ਤੇ ਕਿਸੇ ਜਸਪਾਲ ਨਾਂ ਦੇ ਵਿਅਕਤੀ ਵੱਲੋਂ ਪੋਸਟ ਪਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ਜੇਲ੍ਹ 'ਚ ਸਿਮਰਜੀਤ ਬੈਂਸ ਨੂੰ ਖ਼ਤਰਾ, ਸੁਰੱਖਿਆ ਕਾਰਨਾਂ ਕਰਕੇ ਭੇਜਿਆ ਗਿਆ ਬਰਨਾਲਾ

ਪੋਸਟ ਪਾਉਣ ਵਾਲੇ ਵਿਅਕਤੀ ਨੇ ਲਿਖਿਆ ਹੈ ਕਿ ਕਰੋੜਾਂ ਰੁਪਏ ਵਕੀਲਾਂ ਨੂੰ ਦੇਣ ਦੀ ਬਜਾਏ ਸਾਡੇ ਵੱਲੋਂ ਕੀਤੀ ਗਈ ਪੈਸੇ ਦੀ ਮੰਗ ਤੁਸੀਂ ਪੂਰੀ ਨਾ ਕੀਤੀ ਤਾਂ ਹੁਣ ਤੁਸੀਂ ਸਾਡੀ ਰੇਂਜ ’ਚ ਆ ਚੁੱਕੇ ਹੋ, ਜਿੱਥੇ ਤੁਹਾਨੂੰ ਖਤਮ ਕਰਨਾ ਸਾਡੇ ਲਈ ਆਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ੁਭਦੀਪ ਸਿੰਘ ਮੂਸੇਵਾਲਾ ਨੂੰ ਵੀ ਪਹਿਲਾਂ ਇਸੇ ਤਰ੍ਹਾਂ ਦੀਆਂ ਹੀ ਧਮਕੀਆਂ ਮਿਲੀਆਂ ਸਨ। ਜਥੇ. ਬੈਂਸ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਭਰਾ ਸਿਮਰਜੀਤ ਸਿੰਘ ਬੈਂਸ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ, ਉਸ ਲਈ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਜਦੋਂ ਪਹਿਲਾਂ ਇਸ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਤਾਂ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਡੀ. ਜੀ. ਪੀ. ਨੂੰ ਦਿੱਤੀ ਸੀ ਪਰ ਉਸ ਦੀ ਕੋਈ ਵੀ ਛਾਣਬੀਣ ਨਹੀਂ ਕੀਤੀ ਗਈ। ਇਸ ਸਾਰੇ ਘਟਨਾਚੱਕਰ ਦੀ ਜਾਂਚ ਕਰਨੀ ਪੁਲਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ।

ਇਹ ਵੀ ਪੜ੍ਹੋ : ਬਿਸ਼ਨੋਈ ਗਰੁੱਪ ਦੇ ਸ਼ੂਟਰ ਮਨਪ੍ਰੀਤ ਮਨੂੰ ਦੇ ਇਨਕਾਊਂਟਰ 'ਚ ਮਾਰੇ ਜਾਣ 'ਤੇ ਕੁੱਸਾ ਪਿੰਡ ਆਇਆ ਫਿਰ ਚਰਚਾ 'ਚ

ਪੁੱਛੇ ਗਏ ਸਵਾਲ ’ਤੇ ਬਲਵਿੰਦਰ ਬੈਂਸ ਨੇ ਕਿਹਾ ਕਿ ਪਿਛਲੇ 4 ਦਿਨਾਂ ਤੋਂ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਵਫਦ ਸਮੇਤ ਮਿਲਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਪਰ ਮੁੱਖ ਮੰਤਰੀ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ। ਇਸ ਮੌਕੇ ਰਣਧੀਰ ਸਿੰਘ ਸਿਵੀਆ, ਬਲਦੇਵ ਸਿੰਘ, ਜਸਵਿੰਦਰ ਸਿੰਘ ਖਾਲਸਾ ਤੇ ਹੋਰ ‘ਲਿਪ’ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ : ਜੀਂਦ ਤੋਂ ਫਿਰੋਜ਼ਪੁਰ ਲਾਈਨ 'ਤੇ ਨਵੀਂ ਪੈਸੰਜਰ ਰੇਲ ਗੱਡੀ ਅਗਸਤ ਦੇ ਪਹਿਲੇ ਹਫਤੇ ਸ਼ੁਰੂ, ਸਮਾਂ ਸਾਰਣੀ ਜਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News