ਤੰਦਰੁਸਤ ਵਿਧਾਇਕ ਮਿਸ਼ਨ ਖਜ਼ਾਨੇ ''ਤੇ ਭਾਰੂ, ਬੈਂਸ ਦਾ ਖਰਚ ਸਭ ਤੋਂ ਵੱਧ
Wednesday, Jul 25, 2018 - 05:50 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਜਿੱਥੇ ਸੂਬਾ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਚਲਾਇਆ ਜਾ ਰਿਹਾ ਹੈ, ਉਥੇ ਹੀ ਤੰਦਰੁਸਤ ਵਿਧਾਇਕ ਮਿਸ਼ਨ ਵੀ ਚੁੱਪ-ਚਪੀਤੇ ਚੱਲ ਰਿਹਾ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਸਿਹਤ ਸਬੰਧੀ ਖਰਚਿਆਂ ਦਾ ਵਿਧਾਇਕ ਅਤੇ ਸਾਬਕਾ ਵਿਧਾਇਕ ਖੂਬ ਲਾਹਾ ਲੈ ਰਹੇ ਹਨ। ਕੈਪਟਨ ਸਰਕਾਰ ਦੇ ਪਹਿਲੇ ਵਰ੍ਹੇ ਦੌਰਾਨ ਵਿਧਾਇਕਾਂ\ਸਾਬਕਾ ਵਿਧਾਇਕਾਂ ਦਾ ਸਿਹਤ ਖਰਚ 23.69 ਲੱਖ ਰੁਪਏ ਰਿਹਾ ਹੈ। ਭਾਵ ਪ੍ਰਤੀ ਵਿਧਾਇਕ ਲਗਭਗ ਡੇਢ ਲੱਖ ਰੁਪਏ ਦੇ ਇਲਾਜ ਖਰਚ ਰਹੇ ਹਨ। 'ਪੰਜਾਬੀ ਟ੍ਰਿਬਿਊਨ' 'ਚ ਛਪੀ ਖਬਰ ਮੁਤਾਬਿਕ ਇਕੱਲੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਪਰਿਵਾਰ ਦਾ ਹੀ ਸਿਹਤ ਖਰਚਾ 14.15 ਲੱਖ ਰੁਪਏ ਰਿਹਾ ਹੈ, ਜੋ ਕੁੱਲ ਖਰਚ ਦਾ 59.73 ਫੀਸਦੀ ਹੈ ਪਰ ਜਦੋਂ ਇਸ ਬਾਰੇ ਸਿਮਰਜੀਤ ਸਿੰਘ ਬੈਂਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕਦੇ ਵੀ ਕੋਈ ਫਾਲਤੂ ਖਰਚਾ ਨਹੀਂ ਕਰਦੇ ਸਗੋਂ ਕਾਨੂੰਨ ਮੁਤਾਬਿਕ ਇਕ ਵਿਧਾਇਕ ਨੂੰ ਮਿਲਣ ਵਾਲੀਆਂ ਸਹੂਲਤਾਂ ਹੀ ਲੈ ਰਹੇ ਹਨ।
ਦੱਸ ਦੇਈਏ ਕਿ ਵਿਧਾਨ ਸਭਾ ਸਕੱਤਰੇਤ ਤੋਂ ਆਰ. ਟੀ. ਆਈ. ਰਾਹੀਂ ਵਿਧਾਇਕਾਂ ਦੇ ਸਿਹਤ ਸਬੰਧੀ ਖਰਚਿਆਂ ਦੀ ਜਾਣਕਾਰੀ ਲਈ ਗਈ ਹੈ। ਜਿਸ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਭ ਤੋਂ ਵੱਧ ਇਸਦਾ ਫਾਇਦਾ ਲਿਆ ਗਿਆ ਹੈ। ਅਮਰੀਕਾ ਵਿਚ ਬਾਦਲ ਨੇ 8 ਫਰਵਰੀ ਤੋਂ 20 ਫਰਵਰੀ ਤਕ ਆਪਣੇ ਦਿਲ ਦਾ ਇਲਾਜ ਕਰਵਾਇਆ ਜਿਸ ਦਾ ਬਿੱਲ ਸਮੇਤ ਹਵਾਈ ਟਿਕਟਾਂ ਦਾ ਖਰਚ ਕਰੀਬ 1 ਕਰੋੜ ਰੁਪਏ ਸੀ।