ਬੈਂਸ ਨੇ ਸਿੱਧੂ ਦੇ ਅਸਤੀਫੇ ਨੂੰ ਦੱਸਿਆ ਅਧੂਰਾ, ਕਾਂਗਰਸ ਛੱਡਣ ਦੀ ਦਿੱਤੀ ਨਸੀਹਤ (ਵੀਡੀਓ)
Monday, Jul 15, 2019 - 06:36 PM (IST)
ਕਪੂਰਥਲਾ (ਓਬਰਾਏ, ਮਹਾਜਨ)— ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਭੇਜਣ 'ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਸਿੱਧੂ ਵੱਲੋਂ ਦਿੱਤੇ ਗਏ ਅਸਤੀਫੇ 'ਤੇ ਚੱਲ ਰਹੀ ਰਾਜਨੀਤੀ ਨੂੰ ਬੇ-ਫਾਲਤੂ ਦੱਸਿਆ। ਸਿੱਧੂ ਨੂੰ ਨਸੀਹਤ ਦਿੰਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਸਿੱਧੂ ਦੇ ਪੰਜਾਬ ਕੈਬਨਿਟ 'ਚੋਂ ਦਿੱਤੇ ਗਏ ਅਸਤੀਫੇ ਨੂੰ ਅਧੂਰਾ ਮੰਨਦੇ ਹਨ ਅਤੇ ਸਿੱਧੂ ਨੂੰ ਕਾਂਗਰਸ 'ਚੋਂ ਵੀ ਅਸਤੀਫਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਸਿੱਧੂ ਨੇ ਆਪਣਾ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਹੈ ਤਾਂ ਉਸ ਤੋਂ ਸਾਫ ਹੈ ਕਿ ਕਾਂਗਰਸ 'ਚ ਇਮਾਨਦਾਰ ਲੋਕਾਂ ਦਾ ਦਮ ਘੁੱਟਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ 'ਚ ਕਿਹੋ ਜਿਹਾ ਕਲਚਰ ਚੱਲ ਰਿਹਾ ਹੈ ਕਿ ਇਕ ਪਾਸੇ ਰੇਤ ਚੋਰੀ ਕਰਨ ਵਾਲੇ ਸਾਬਕਾ ਮੰਤਰੀ ਗੁਰਜੀਤ ਸਿੰਘ ਦਾ ਬਹੁਤ ਮੁਸ਼ਕਿਲ ਨਾਲ ਅਸਤੀਫਾ ਲਿਆ ਗਿਆ ਸੀ ਪਰ ਹੁਣ ਚੋਰਾਂ ਨੂੰ ਫੜਨ ਵਾਲੇ ਇਨਾਮਦਾਰ ਮੰਤਰੀ ਸਿੱਧੂ ਨੂੰ ਅਸਤੀਫਾ ਦੇਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪੰਜਾਬ ਦੀ ਜਨਤਾ 2022 'ਚ ਮੁੱਖ ਮੰਤਰੀ ਦੇ ਰੂਪ 'ਚ ਦੇਖਣਾ ਚਾਹੁੰਦੀ ਹੈ ਅਤੇ ਲੋਕ ਇਨਸਾਫ ਪਾਰਟੀ ਸਿੱਧੂ ਦਾ ਸੁਆਗਤ ਕਰਦੀ ਹੈ। ਸਿਮਰਜੀਤ ਸਿੰਘ ਬੈਂਸ ਪੰਜਾਬ ਨੂੰ ਬੰਜਰ ਹੋਣ ਅਤੇ ਕੰਗਾਲੀ ਤੋਂ ਬਚਾਉਣ ਲਈ ਸ਼ੁਰੂ ਕੀਤੇ ਜਾ ਰਹੇ ਜਨ ਅੰਦੋਲਨ ਸਾਡਾ ਪਾਣੀ ਸਾਡਾ ਹੱਕ ਦੇ ਤਹਿਤ ਕਪੂਰਥਲਾ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਸਿੱਧੂ ਨੂੰ ਮਾਈਨਿੰਗ ਯੋਜਨਾ ਤਿਆਰ ਕਰਨ, ਗੈਰ-ਕਾਨੂੰਨੀ ਕਾਲੋਨੀਆਂ ਨੂੰ ਰੋਕਣ ਦੀ ਸਜ਼ਾ ਮਿਲੀ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਕਮਜ਼ੋਰ ਦੱਸਦੇ ਹੋਏ ਕਿਹਾ ਕਿ ਸਿੱਧੂ ਵੱਲੋਂ ਹਾਈਕਮਾਂਡ ਰਾਹੁਲ ਗਾਂਧੀ ਨੂੰ 35 ਦਿਨ ਪਹਿਲਾਂ ਤਿਆਗ ਪੱਤਰ ਭੇਜਣਾ ਗਲਤ ਹੈ। ਬੈਂਸ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਅਕਾਲੀ-ਭਾਜਪਾ ਸਰਕਾਰ ਦੇ 10 ਸਾਲ ਵੀ ਦੇਖੇ ਹਨ ਅਤੇ ਹੁਣ ਕੈਪਟਨ ਸਰਕਾਰ ਦੇ ਢਾਈ ਸਾਲ ਵੀ ਦੇਖੇ ਹਨ। ਹੁਣ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਮੂੰਹ ਨਹੀਂ ਲਗਾਏਗੀ। ਪੰਜਾਬ 'ਚ 2022 'ਚ ਪੰਜਾਬ ਦੀ ਜਨਤਾ ਤੀਜੀ ਪਾਰਟੀ ਨੂੰ ਪੂਰਾ ਸਮਰਥਨ ਦੇਵੇਗੀ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਵੱਲੋਂ ਪੰਜਾਬ ਨੂੰ ਬੰਜਰ ਅਤੇ ਕੰਗਾਲੀ ਤੋਂ ਬਚਾਉਣ ਲਈ ਕਪੂਰਥਲਾ ਤੋਂ ਪੂਰੇ ਸੂਬੇ ਲਈ ਸ਼ੁਰੂਆਤ ਕੀਤੀ ਹੈ, ਜੋ ਕਿ ਪੂਰੇ 2 ਮਹੀਨਿਆਂ 'ਚ ਪੰਜਾਬ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜਨ ਅੰਦੋਲਨ ਦੇ ਤਹਿਤ ਪੰਜਾਬ ਦੇ 21 ਲੱਖ ਲੋਕਾਂ ਤੋਂ ਦਸਤਖਤ ਕਰਵਾ ਕੇ ਇਕ ਪਟੀਸ਼ਨ ਦੇ ਰੂਪ 'ਚ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ 'ਚ ਕੇਸ ਦਾਇਰ ਕੀਤਾ ਜਾਵੇਗਾ। ਜਿਸ ਨਾਲ ਪੰਜਾਬ ਸਰਕਾਰ ਨੂੰ ਪਾਣੀ ਦੀ ਕੀਮਤ ਲੈਣ ਲਈ ਮਜਬੂਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ 'ਚ ਫੇਰ ਬਦਲ ਤੋਂ ਬਾਅਦ ਮੰਤਰਾਲਾ ਖੋਹੇ ਜਾਣ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ 'ਤੇ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ 10 ਜੂਨ ਨੂੰ ਉਨ੍ਹਾਂ ਨੇ ਹਾਈਕਮਾਂਡ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ। ਅੱਜ ਸਿੱਧੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਵੀ ਅਸਤੀਫਾ ਭੇਜਿਆ ਗਿਆ ਹੈ। ਰਾਹੁਲ ਗਾਂਧੀ ਨੂੰ ਅਸਤੀਫਾ ਭੇਜਣ ਤੋਂ ਬਾਅਦ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਸਨ।