ਸਿਮਰਜੀਤ ਬੈਂਸ ਨੂੰ ਨਹੀਂ ''ਕੋਰੋਨਾ'' ਦੀ ਪਰਵਾਹ, ਬਿਨਾਂ ਮਾਸਕ ਪਾਏ ਪੁੱਜੇ ਹਸਪਤਾਲ
Saturday, Sep 05, 2020 - 06:27 PM (IST)
ਲੁਧਿਆਣਾ (ਨਰਿੰਦਰ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਸਰਕਾਰ ਦੇ ਦਿਸ਼ਾ-ਨਿੇਰਦੇਸ਼ਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਿਮਰਜੀਤ ਬੈਂਸ ਸ਼ਨੀਵਾਰ ਨੂੰ ਬਿਨਾਂ ਮਾਸਕ ਪਾਏ ਡੀ. ਐਮ. ਸੀ. ਹਸਪਤਾਲ ਪਹੁੰਚੇ ਅਤੇ ਕੋਰੋਨਾ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।
ਬੈਂਸ ਨੇ ਕਿਹਾ ਕਿ ਕੋਰੋਨਾ ਨੂੰ ਹਊਆ ਬਣਾ ਕੇ ਸਿਆਸੀ ਆਗੂ ਆਪਣੀਆਂ ਰੋਟੀਆਂ ਸੇਕ ਰਹੇ ਹਨ। ਇਸ ਦੌਰਾਨ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਸਮਰਥਕ ਬਿਨਾਂ ਮਾਸਕ ਦੇ ਘੁੰਮਦੇ ਹੋਏ ਦਿਖਾਈ ਦਿੱਤੇ, ਜਿਨ੍ਹਾਂ 'ਤੇ ਪੁਲਸ ਵੱਲੋਂ ਕਾਰਵਾਈ ਦੀ ਗੱਲ ਵੀ ਕਹੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਅੰਦਰ ਕੋਰੋਨਾ ਵਾਇਰਸ ਦੀ ਰਫ਼ਤਾਰ ਲਗਾਤਰ ਵੱਧ ਰਹੀ ਹੈ, ਜਿੱਥੇ ਆਮ ਲੋਕ ਕੋਰੋਨਾ ਦੀ ਲਪੇਟ 'ਚ ਆ ਰਹੇ ਹਨ, ਉੱਥੇ ਹੀ ਹੁਣ ਤੱਕ ਕੋਰੋਨਾ ਪੰਜਾਬ ਦੇ ਕਰੀਬ 33 ਮੰਤਰੀਆਂ ਤੇ ਵਿਧਾਇਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ।
'ਵਿਸ਼ਵ ਸਿਹਤ ਸੰਗਠਨ' ਤੋਂ ਲੈ ਕੇ ਪੰਜਾਬ ਸਰਕਾਰ ਸਰਕਾਰ ਵੱਲੋਂ ਚਿਹਰੇ ਤੇ ਮਾਸਕ ਪਾਉਣ, ਸਮਾਜਿਕ ਦੂਰੀ ਦਾ ਧਿਆਨ ਰੱਖਣ ਲਈ ਕਿਹਾ ਜਾ ਰਿਹਾ ਹੈ ਪਰ ਸ਼ਾਇਦ ਇਹ ਪੰਜਾਬ ਦੀ ਤ੍ਰਾਸਦੀ ਹੀ ਹੈ ਕਿ ਸੂਬੇ ਅੰਦਰ ਕੋਰੋਨਾ ਨਾਲ ਕਰੀਬ 1800 ਮੌਤਾਂ ਹੋਣ ਦੇ ਬਾਵਜੂਦ ਪੰਜਾਬ ਦੇ ਸਿਆਸੀ ਲੀਡਰ ਕੋਰੋਨਾ ਦੌਰ 'ਚ ਵੀ ਬੇਪ੍ਰਵਾਹ ਹੋ ਗਏ ਹਨ। ਸਿਆਸੀ ਆਗੂਆਂ ਵੱਲੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਆਮ ਦਿਨਾਂ ਵਾਂਗ ਹੀ ਧਰਨੇ-ਪ੍ਰਦਰਸ਼ਨ ਅਤੇ ਸਿਆਸੀ ਇੱਕਠ ਕੀਤੇ ਜਾ ਰਹੇ ਹਨ। ਇੰਨਾ ਹੀ ਨਹੀਂ, ਬਹੁਤੇ ਆਗੂਆਂ ਤੇ ਉਨ੍ਹਾਂ ਦੇ ਹਮਾਇਤੀਾਂ ਵੱਲੋਂ ਧਰਨੇ-ਪ੍ਰਦਰਸ਼ਨ ਦੌਰਾਨ ਪੁਲਸ ਨਾਲ ਖਿੱਚ-ਧੂਹ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।