ਫੌਜੀ ਦੇ ਘਰ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਵਿਆਹ ਤੋਂ ਇਕ ਮਹੀਨਾ ਪਹਿਲਾਂ ਸ਼ਹੀਦ (ਵੀਡੀਓ)

10/22/2018 9:12:16 AM

ਗੁਰਦਾਸਪੁਰ : ਜ਼ਿਲਾ ਗੁਰਦਾਸਪੁਰ ਦੇ ਬਟਾਲਾ 'ਚ ਰਹਿਣ ਵਾਲੇ ਫੌਜੀ ਸਿਮਰਦੀਪ ਸਿੰਘ ਦਾ ਪਰਿਵਾਰ ਤਾਂ ਉਸ ਦੇ ਵਿਆਹ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਵਿਆਹ ਦੇ ਇਕ ਮਹੀਨਾ ਪਹਿਲਾਂ ਹੀ ਸਿਮਰਦੀਪ ਸਿੰਘ ਦੇਸ਼ ਖਾਤਰ ਸ਼ਹਾਦਤ ਦਾ ਜਾਮ ਪੀ ਗਿਆ। ਜਾਣਕਾਰੀ ਦਿੰਦਿਆਂ ਸ਼ਹੀਦ ਸਿਮਰਦੀਪ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਮਰਦੀਪ ਦੀ ਬਟਾਲੀਅਨ ਦੇ ਅਧਿਕਾਰੀ ਦਾ ਫੋਨ ਆਇਆ ਕਿ ਡਿਊਟੀ ਦੇ ਸਮੇਂ ਸਿਮਰਦੀਪ ਨੂੰ 2 ਗੋਲੀਆਂ ਲੱਗੀਆਂ ਹਨ ਅਤੇ ਇਕ ਗੋਲੀ ਸਿਮਰਦੀਪ ਦੇ ਸਰੀਰ ਦੇ ਆਰ-ਪਾਰ ਹੋ ਚੁੱਕੀ ਹੈ, ਜਦੋਂ ਕਿ ਦੂਜੀ ਅਜੇ ਸਰੀਰ ਦੇ ਵਿੱਚ ਹੀ ਹੈ।

ਸਿਮਰਦੀਪ ਨੂੰ ਜ਼ਖਮੀਂ ਹਾਲਤ 'ਚ ਹਸਪਤਾਲ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦਾ ਆਪਰੇਸ਼ਨ ਚੱਲ ਰਿਹਾ ਹੈ ਪਰ ਦੇਰ ਸ਼ਾਮ ਅਧਿਕਾਰੀ ਦਾ ਦੁਬਾਰਾ ਫੋਨ ਆਇਆ ਕਿ ਸਿਮਰਦੀਪ ਦੇਸ਼ ਦੀ ਸ਼ਹੀਦ ਹੋ ਗਿਆ ਹੈ। ਪਿਤਾ ਦਾ ਕਹਿਣਾ ਸੀ ਕਿ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਉਸ ਸਮੇਂ ਕੀ ਹੋਇਆ ਸੀ। ਪਿਤਾ ਨੇ ਦੱਸਿਆ ਕਿ ਸਿਮਰਦੀਪ 'ਚ ਸ਼ੁਰੂ ਤੋਂ ਹੀ ਫੌਜ 'ਚ ਜਾ ਕੇ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਸੀ ਅਤੇ ਇਸ ਲਈ ਉਹ ਖੁਦ ਵੀ ਤਿਆਰੀ ਕਰਦਾ ਰਹਿੰਦਾ ਸੀ ਅਤੇ ਮੁਹੱਲੇ ਦੇ ਦੂਜੇ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਸਿਮਰਦੀਪ ਦਾ ਫੌਜ 'ਚ ਜਾਣ ਦਾ ਸੁਪਨਾ 2 ਸਾਲ ਪਹਿਲਾਂ ਹੀ ਪੂਰਾ ਹੋਇਆ ਸੀ ਅਤੇ ਬੀ. ਐੱਸ. ਐੱਫ. 'ਚ ਭਰਤੀ ਹੋਣ ਤੋਂ ਬਾਅਦ ਅਸਾਮ ਦੇ ਮਿਜ਼ੋਰਮ 'ਚ ਬ੍ਰਹਮਾ ਬਾਰਡਰ 'ਤੇ ਉਸ ਦੀ ਪਹਿਲੀ ਤਾਇਨਾਤੀ ਸੀ।

ਸ਼ਹੀਦ ਦੇ ਪਿਤਾ ਦਾ ਕਹਿਣਾ ਸੀ ਕਿ 21 ਨਵੰਬਰ ਨੂੰ ਸਿਮਰਦੀਪ ਦਾ ਵਿਆਹ ਸੀ ਅਤੇ ਘਰ 'ਚ ਉਸ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਪਰਮਾਤਮਾ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬੇਟੇ ਦੇ ਜਾਣ ਦਾ ਦੁੱਖ ਹੈ ਪਰ ਨਾਲ ਹੀ ਮਾਣ ਵੀ ਹੈ ਕਿ ਉਨ੍ਹਾਂ ਦਾ ਬੇਟਾ ਦੇਸ਼ ਲਈ ਸ਼ਹੀਦ ਹੋਇਆ ਹੈ। ਸ਼ਹੀਦ ਦੇ ਦੋਹਾਂ ਭਰਾਵਾਂ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਉਨ੍ਹਾਂ ਦਾ ਭਰਾ ਸਿਮਰਦੀਪ ਫੌਜ 'ਚ ਭਰਤੀ ਹੋਇਆ ਸੀ ਅਤੇ ਉਸ ਦੇ ਭਰਤੀ ਹੋਣ ਤੋਂ ਬਾਅਦ ਘਰ 'ਚ ਕਾਫੀ ਖੁਸ਼ੀਆਂ ਭਰਿਆ ਮਾਹੌਲ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਭਰਾ ਦੇ ਦੇਸ਼ ਖਾਤਰ ਆਪਣੀ ਜਾਨ ਦਿੱਤੀ ਹੈ।


Related News