ਐਥਲੈਟਿਕਸ ਮੁਕਾਬਲੇ ''ਚ ਸਿਲਵਰ ਮੈਡਲ ਜੇਤੂ ਖਿਡਾਰਨ ਦਾ ਪਿੰਡ ਵਾਸੀਆਂ ਨੇ ਕੀਤਾ ਸ਼ਾਨਦਾਰ ਸਵਾਗਤ
Friday, Aug 24, 2018 - 10:19 PM (IST)

ਬੁਢਲਾਡਾ (ਮਨਜੀਤ) ਬੁਢਲਾਡਾ ਤਹਿਸੀਲ ਦੇ ਪਿੰਡ ਕੁਲਾਣਾ ਦੀ ਰਾਸ਼ਟਰੀ ਪੱਧਰੀ ਐਥਲੈਟਿਕਸ ਮੁਕਾਬਲਿਆ ਚ ਸਿਲਵਰ ਮੈਡਲ ਜੇਤੂ ਬਲਜੀਤ ਕੌਰ ਕੁਲਾਣਾ ਦਾ ਪਿੰਡ ਵਾਸੀਆਂ ਨੇ ਅੱਜ ਇਥੇ ਪੁੱਜਣ ਤੇ ਜੋਰਦਾਰ ਸਵਾਗਤ ਕੀਤਾ । ਜਾਣਕਾਰੀ ਦਿੰਦਿਆਂ ਪਿੰਡ ਕੁਲਾਣਾ ਦੇ ਜਥੇਦਾਰ ਅਮਰਜੀਤ ਸਿੰਘ ਕੁਲਾਣਾ ਨੇ ਦੱਸਿਆ ਪਿੰਡ ਦੀ ਧੀ ਬਲਜੀਤ ਕੌਰ ਨੇ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆਂ ਵੱਲੋਂ ਪਿਛਲੇ ਮਹੀਨੇ ਗੁਜਰਾਤ ਰਾਜ ਦੇ ਬੜੋਦਰਾ ਸ਼ਹਿਰ ਵਿਖੇ ਕਰਵਾਏ 15ਵੀਂ ਰਾਸ਼ਟਰੀ ਯੂਥ ਐਥਲੈਟਿਕਸ ਚੈਪੀਅਨਸ਼ਿਪ-2017 ਦੇ ਯੁਵਾ (ਲੜਕੀਆਂ) ਮੁਕਾਬਲੇ ਚ ਭਾਗ ਲੈ ਕੇ 4 ਹਜ਼ਾਰ ਮੀਟਰ (4 ਕਿਲੋਮੀਟਰ) ਵਾਕ ਚੋਂ ਸਿਲਵਰ ਮੈਡਲ ਹਾਸਲ ਕੀਤਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੋਚ ਗੁਰਦੇਵ ਸਿੰਘ ਨਾਗਰਾ ਦੀ ਰਹਿਨੁਮਾਈ ਹੇਠ ਸਿਖਲਾਈ ਪ੍ਰਾਪਤ ਕਰ ਰਹੀ ਬਲਜੀਤ ਕੌਰ ਨੇ ਇੰਨ੍ਹਾਂ ਰਾਸ਼ਟਰੀ ਮੁਕਾਬਲਿਆ ਚ ਪੰਜਾਬ ਦੀ ਪ੍ਰਤੀਨਿਧਤਾ ਕਰਦਿਆ ਇਹ ਮੈਡਲ ਜਿੱਤਿਆ ਹੈ ।ਸਰਕਾਰੀ ਹਾਈ ਸਕੂਲ ਕੁਲਾਣਾ ਦੇ ਮੁੱਖ ਅਧਿਆਪਕ ਮੁਹੰਮਦ ਯਾਕੂਬ ਨੇ ਦੱਸਿਆ ਕਿ ਅੱਠਵੀ ਤੱਕ ਦੀ ਪੜਾਈ ਕੁਲਾਣਾ ਦੇ ਹਾਈ ਸਕੂਲ ਤੋਂ ਕਰਨ ਵਾਲੀ ਇਹ ਖਿਡਾਰਨ ਇਸ ਤੋਂ ਪਹਿਲਾ ਵੀ ਇਸ ਖਿਡਾਰਨ ਨੇ ਰਾਸ਼ਟਰੀ ਸਕੂਲ ਖੇਡਾਂ 2017-18 ਅਤੇ ਯੁਨੀਅਰ ਨੈਸ਼ਨਲ ਖੇਡਾਂ ਚ ੩ ਕਿਲੋਮੀਟਰ ਵਾਕ ਮੁਕਾਬਲੇ ਚ ਗੋਲਡ ਮੈਡਲ ਜਿੱਤਿਆ ਸੀ ।ਇਸ ਮੌਕੇ ਮੇਵਾ ਸਿੰਘ ਕੁਲਾਣਾ , ਬਲਰਾਜ ਸਿੰਘ ਭੋਲਾ ,ਗੁਰਜੀਤ ਸਿੰਘ, ਕਾਲਾ ਪ੍ਰਧਾਨ , ਪਿੰਡ ਕੁਲਾਣਾ ਦੇ ਸਰਪੰਚ ਕੁਲਜੀਤ ਕੌਰ, ਪੰਚ ਸਪਰਨ ਸਿੰਘ ਭੁੱਚਰ, ਅਮਰੀਕ ਸਿੰਘ ਪੰਚ, ਜੇਠੂ ਸਿੰਘ,ਬਲਕਰਨ ਸਿੰਘ ਕੁਲਾਣਾ, ਦਰਸ਼ਨ ਸਿੰਘ, ਚਮਕੌਰ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਪੰਚ, ਬਲਜਿੰਦਰ ਸਿੰਘ ਆਦਿ ਮੌਜੂਦ ਸਨ।
ਆਰਥਿਕ ਪੱਖੋਂ ਕਮਜੋਰ ਕਿਸਾਨ ਹੈ ਖਿਡਾਰਨ ਦਾ ਪਿਤਾ
ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਹੋਣਹਾਰ ਖਿਡਾਰਨ ਦਾ ਪਿਤਾ ਨਿਸ਼ਾਨ ਸਿੰਘ ਸਿਰਫ ਦੋ ਕੁ ਏਕੜ ਜਮੀਨ ਦਾ ਮਾਲਕ ਹੈ ਜਿਸ ਵੱਲੋਂ ਆਰਥਿਕ ਤੰਗੀ ਦੇ ਚਲਦਿਆ ਆਪਣੀ ਇੱਕ ਲੜਕੀ ਅਤੇ ਲੜਕੇ ਨੂੰ ਸਿਰਫ ਬਾਰਵੀ ਤੱਕ ਹੀ ਪੜ੍ਹਾ ਕਰਾ ਸਕਿਆ ਸੀ , ਪਰ ਇਹ ਪਰਿਵਾਰ ਇਸ ਲੜਕੀ ਨੂੰ ਉਚ ਪੱਧਰੀ ਤੱਕ ਪੜ੍ਹਾਈ ਕਰਵਾਉਣ ਦੀ ਇੱਛਾ ਰੱਖਦਾ ਹੈ । ਇਸ ਹੋਣਹਾਰ ਲੜਕੀ ਦੀ ਇਸ ਕਾਬਲੀਅਤ ਤੇ ਖੁਸ਼ੀ ਪ੍ਰਗਟਾਉਦਿਆ ਪਿੰਡ ਵਾਸੀਆਂ ਨੇ ਇਸ ਹੋਣਹਾਰ ਲੜਕੀ ਦੀਆਂ ਪ੍ਰਾਪਤੀਆਂ ਲਈ ਪੰਜਾਬ ਸਰਕਾਰ ਪਾਸੋਂ ਉਸਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।