ਵੀਰ ਬਾਲ ਦਿਵਸ ਮਨਾਉਣ ਦੇ ਫੈਸਲੇ ਦਾ ਸੁਆਗਤ ਕਰਨ ਸਿੱਖ : ਤਰਲੋਚਨ ਸਿੰਘ

Wednesday, Jan 12, 2022 - 01:08 AM (IST)

ਵੀਰ ਬਾਲ ਦਿਵਸ ਮਨਾਉਣ ਦੇ ਫੈਸਲੇ ਦਾ ਸੁਆਗਤ ਕਰਨ ਸਿੱਖ : ਤਰਲੋਚਨ ਸਿੰਘ

ਜਲੰਧਰ (ਰਮਨਦੀਪ ਸੋਢੀ)- ਸਿੱਖਾਂ ਨੂੰ ਨਾਵਾਂ ਦੇ ਝਗੜੇ 'ਚ ਪੈਣ ਦੀ ਜਗ੍ਹਾ ਪ੍ਰਧਾਨ ਮੰਤਰੀ ਮੋਦੀ ਦੀ ਸ਼ਰਧਾ ਨੂੰ ਸਮਝਣ ਦੀ ਲੋੜ ਹੈ ਅਤੇ ਵੀਰ ਬਾਲ ਦਿਵਸ ਮਨਾਉਣ ਦੇ ਫੈਸਲੇ ਦਾ ਸੁਆਗਤ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਿੱਖਾਂ ਪ੍ਰਤੀ ਭਾਵਨਾ ਹਮੇਸ਼ਾ ਚੰਗੀ ਰਹੀ ਹੈ। ਫਿਰੋਜ਼ਪੁਰ ਦੀ ਰੈਲੀ ਰੱਦ ਹੋਣ ਉਪਰੰਤ ਦੁਖੀ ਹੋਣ ਦੀ ਬਜਾਏ ਉਨ੍ਹਾਂ ਨੇ ਕੁਝ ਦਿਨਾਂ ਬਾਅਦ ਹੀ ਸਿੱਖਾਂ ਦੀ ਚਿਰੋਕਣੀ ਮੰਗ ਨੂੰ ਕਬੂਲ ਕਰਦਿਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।
ਇਹ ਖ਼ਬਰ ਪੜ੍ਹੋ- NZ v BAN : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ, ਸੀਰੀਜ਼ 'ਚ ਕੀਤੀ ਬਰਾਬਰੀ

ਤਰਲੋਚਨ ਸਿੰਘ ਨੇ ਕਿਹਾ ਕਿ ਅੱਜ ਤੱਕ ਦੇਸ਼ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾਇਆ। ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹੋਏ ਹਨ ਜਿਨ੍ਹਾਂ ਨੇ ਲਾਲ ਕਿਲ੍ਹੇ ਤੋਂ ਕਈ ਵਾਰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੱਤੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਸਿੱਖਾਂ 'ਚ ਇਤਰਾਜ਼ ਉੱਠ ਰਿਹਾ ਹੈ ਕੇ ਸਾਹਿਬਜ਼ਾਦੇ ਤਾਂ ਸਾਡੇ ਬਾਬੇ ਹਨ ਫਿਰ ਉਨ੍ਹਾਂ ਨੂੰ ਬਾਲ ਦੇ ਨਾਂ ਨਾਲ ਕਿਉਂ ਪੁਕਾਰਿਆ ਜਾਵੇ ਤਾਂ ਸਵਾਲ ਦੇ ਜਵਾਬ 'ਚ ਤਰਲੋਚਨ ਸਿੰਘ ਨੇ ਕਿਹਾ ਕਿ ਬਾਬਾ ਸ਼ਬਦ ਆਦਰ-ਸਤਿਕਾਰ ਵਜੋਂ ਵਰਤਿਆ ਜਾਂਦਾ ਹੈ।ਬਿਨਾਂ ਸ਼ੱਕ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਮਿਸਾਲ ਦੁਨੀਆ 'ਚ ਕਿਤੇ ਨਹੀਂ ਮਿਲਦੀ। ਅਸੀਂ ਦੁਨੀਆ ਵਿਚ ਇਹ ਦਿਨ ਮਨਾਂਵਾਗੇ ਤਾਂ ਉਨ੍ਹਾਂ ਦਾ ਸਤਿਕਾਰ ਹੋਰ ਵਧੇਗਾ। ਇਹ ਦਿਨ ਸ਼ਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਬਿਆਨ ਦੇਣ ਤੋਂ ਪਹਿਲਾਂ ਘੋਖ ਪੜਤਾਲ ਕਰਨੀ ਚਾਹੀਦੀ ਸੀ। ਨਾਮ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਪੂਰਾ ਦੇਸ਼ ਸਾਡੇ ਗੌਰਵਮਈ ਇਤਿਹਾਸ ਤੋਂ ਜਾਣੂ ਹੋਵੇਗਾ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

 ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਪ੍ਰਧਾਨ ਮੰਤਰੀ ਦੀ ਭਾਵਨਾ ਠੀਕ ਹੈ ਤਾਂ ਕੀ ਸਰਕਾਰ ਸ਼੍ਰੋਮਣੀ ਕਮੇਟੀ ਦੇ ਇਤਰਾਜ਼ 'ਤੇ ਗੌਰ ਕਰੇਗੀ ਤੇ ਸੁਝਾਅ ਨੂੰ ਮੰਨੇਗੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਤਾਂ ਦੁਨੀਆ ਭਰ ਵਿੱਚੋਂ ਲੋਕਾਂ ਦੇ ਸੁਨੇਹੇ ਆਏ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਜਿੰਨੇ ਵੀ ਸਿੱਖ ਦਿੱਲੀ ਬੈਠੇ ਨੇ ਸਾਰਿਆਂ ਨੇ ਇਸ ਫ਼ੈਸਲੇ ਦੀ ਤਾਰੀਫ਼ ਕੀਤੀ ਹੈ ਤੇ ਕਿਸੇ ਨੇ ਵੀ ਨਾਮ ਬਦਲਣ ਦੀ ਮਸਲਾ ਨਹੀਂ ਉਠਾਇਆ। ਜੇਕਰ ਅਸੀਂ ਨਾਮ ਦਾ ਝਗੜਾ ਕਰਾਂਗੇ ਤਾਂ ਸਾਡਾ ਆਪਣਾ ਨੁਕਸਾਨ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਬ੍ਹ ਨੂੰ ਫਿਰ ਵੀ ਕੋਈ ਇਤਰਾਜ਼ ਹੈ ਤਾਂ ਉਨ੍ਹਾਂ ਨੂੰ ਬਿਆਨ ਦੇਣ ਦੀ ਬਜਾਏ ਪਹੁੰਚ ਕਰਕੇ ਸੁਝਾਅ ਦੇਣਾ ਚਾਹੀਦਾ ਸੀ ਕਿ ਸਾਡੀ ਇਹ ਇੱਛਾ ਹੈ।  ਜਦੋਂ ਉਹਨਾਂ ਤੋਂ ਘੱਟ ਗਿਣਤੀਆਂ ਨੂੰ ਕੇਂਦਰ ਵੱਲੋਂ ਖਤਰੇ ਦੇ ਸ਼ੰਕੇ ਬਾਰੇ ਸਵਾਲ ਕੀਤਾ ਗਿਆ ਤਾਂ ਜਵਾਬ ਸੀ ਕਿ ਸਾਨੂੰ ਮਨਘੜਤ ਧਾਰਨਾਵਾਂ ਬਣਾਉਣ ਦੀ ਬਜਾਏ ਤਰਕ ਨਾਲ ਚੀਜਾਂ ਨੂੰ ਵੇਖਣਾ ਚਾਹੀਦਾ ਹੈ, ਹਾਲਾਂਕਿ ਮੈਂ ਕੋਈ ਕੇਂਦਰ ਦਾ ਬੁਲਾਰਾ ਬਣ ਕੇ ਗੱਲ ਨਹੀਂ ਕਰ ਰਿਹਾ ਜਦਕਿ ਮੈਂ ਤਾਂ ਸਿਰਫ ਪ੍ਰਧਾਨ ਮੰਤਰੀ ਦੇ ਕਦਮ ਦੀ ਸ਼ਲਾਘਾ ਕਰ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਘੱਟਗਿਣਤੀਆਂ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ ਹੈ। ਰਹੀ ਗੱਲ ਪ੍ਰਧਾਨ ਮੰਤਰੀ ਦੀ ਤਾਂ ਉਹਨਾ ਨੇ ਕਰਤਾਰਪੁਰ ਕੋਰੀਡੋਰ ਖੋਲਣ ਵਰਗੇ ਕਈ ਇਤਿਹਾਸਕ ਸਿੱਖ ਹਿਤੈਸ਼ੀ ਫੈਸਲੇ ਕੀਤੇ ਹਨ ਜੋ ਉਨ੍ਹਾਂ ਦੇ ਸਿੱਖਾਂ ਪ੍ਰਤੀ ਸਨੇਹ ਨੂੰ ਬਿਆਨ ਕਰਦੇ ਹਨ।
 
ਨਾਵਾਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ 
ਤਰਲੋਚਨ ਸਿੰਘ ਨੇ ਕਿਹਾ ਕਿ ਵੀਰ ਬਾਲ ਦਿਵਸ ਨੂੰ ਲੈ ਕੇ ਨਾਵਾਂ ਦੇ ਚੱਕਰਾਂ ਵਿਚ ਪੈਣ ਦੀ ਲੋੜ ਨਹੀਂ ਹੈ। ਸਾਨੂੰ ਭਾਵਨਾ ਸਮਝਣੀ ਚਾਹੀਦੀ ਹੈ। ਬਾਲ ਕਹਿਣ ਨਾਲ ਕੋਈ ਬੇਅਦਬੀ ਨਹੀਂ ਹੁੰਦੀ । ਦਿਨ ਮਨਾਉਣ ਦੀ ਪਰੰਪਰਾ ਵਿਚ ਹੀ ਸਾਡੀ ਭਾਵਨਾ ਹੁੰਦੀ ਹੈ। ਇਸ ਕਰਕੇ ਅਜਿਹੇ ਝਗੜਿਆਂ ਵਿਚ ਨਹੀਂ ਪੈਣਾ ਚਾਹੀਦਾ ਜਿਸ ਨਾਲ ਨੁਕਸਾਨ ਹੋਵੇ। ਸਗੋਂ ਸਾਨੂੰ ਤਾਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੀਦਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News