ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਅਕਾਲੀ ਦਲ: ਭੱਠਲ (ਵੀਡੀਓ)
Monday, Oct 15, 2018 - 10:08 AM (IST)
ਸੰਗਰੂਰ(ਪ੍ਰਿੰਸ)— ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਲਹਿਰਾਗਾਗਾ ਵਿਖੇ ਪਹੁੰਚੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਲੋਕ ਸਭਾ ਚੋਣਾਂ ਬਾਰੇ ਦੱਸਿਆ ਕਿ ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਚੋਣ ਜ਼ਰੂਰ ਲੜਨਗੇ। ਉਹ ਪਾਰਟੀ ਦਾ ਪ੍ਰਚਾਰ ਕਰਨ ਤੋਂ ਵੀ ਪਿੱਛੇ ਨਹੀਂ ਹੱਟਣਗੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਲੋਕ ਪੂਰੀ ਤਰ੍ਹਾਂ ਕਾਂਗਰਸ ਦੇ ਨਾਲ ਹਨ। ਇਸ ਦਾ ਸਬੂਤ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਦੇਖਣ ਨੂੰ ਮਿਲਿਆ। ਵਿਰੋਧੀਆਂ ਬਾਰੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰੇਤ ਕਿਰਦੀ ਹੈ, ਉਸੇ ਤਰ੍ਹਾਂ ਸਾਡੀਆਂ ਦੋਵੇਂ ਵਿਰੋਧੀ ਪਾਰਟੀਆਂ ਕਿਰਦੀਆਂ ਜਾ ਰਹੀਆਂ ਹਨ, ਆਪ ਦਾ ਵੀ ਵਜੂਦ ਖਤਮ ਹੁੰਦਾ ਜਾ ਰਿਹਾ ਹੈ।
ਸੁਖਦੇਵ ਢੀਂਡਸਾ 'ਤੇ ਕੀਤੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਕੀ ਚਾਹੁੰਦੇ ਹਨ ਇਹ ਓਹੀ ਜਾਣਦੇ ਹਨ। ਉਨ੍ਹਾਂ ਨੇ ਢੀਂਡਸਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਕ ਪਾਸੇ ਢੀਂਡਸਾ ਨੇ ਅਸਤੀਫਾ ਦੇਣ ਦਾ ਕਾਰਨ ਸਿਹਤ ਖਰਾਬ ਹੋਣਾ ਦੱਸਿਆ, ਉਥੇ ਹੀ ਦੂਜੇ ਪਾਸੇ ਉਹ ਓਲੰਪਿਕ ਸਮਾਰੋਹ ਵਿਚ ਵੀ ਸ਼ਾਮਲ ਹੋਏ ਅਤੇ ਰਾਜਸਭਾ ਵਿਚ ਵੀ ਜਾਂਦੇ ਹਨ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਰਾਜਸਭਾ ਵਿਚ ਕਿਹੜਾ ਆਈ.ਸੀ.ਯੂ. ਹੈ, ਜਿੱਥੇ ਉਹ ਇਲਾਜ ਕਰਾਉਣ ਜਾਂਦੇ ਹਨ।
ਅੱਗੇ ਉਨ੍ਹਾਂ ਅਕਾਲੀ ਦਲ ਬਾਰੇ ਬੋਲਦੇ ਹੋਏ ਕਿਹਾ ਕਿ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਅਕਾਲੀ ਹੀ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਗੁਰਦੁਆਰਿਆਂ ਵਿਚ ਚੜ੍ਹਾਇਆ ਹੋਇਆ ਪੈਸਾ ਲੋਕਾਂ ਦੀ ਭਲਾਈ, ਸਿਹਤ ਅਤੇ ਸਿੱਖਿਆ ਲਈ ਖਰਚ ਹੁੰਦਾ ਸੀ ਪਰ ਹੁਣ ਇਹ ਪੈਸਾ ਚੋਣਾਂ 'ਤੇ ਖਰਚ ਹੁੰਦਾ ਹੈ। ਇਸ ਲਈ ਅਕਾਲੀ ਦਲ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਜੋ ਵੀ ਬੇਅਦਬੀਆਂ ਹੋਈਆਂ ਉਹ ਵੀ ਅਕਾਲੀ ਸਰਕਾਰ ਦੇ ਸਮੇਂ ਹੋਈਆਂ।