ਵਿਸ਼ਵ ਭਰ ਦੇ ਸਿੱਖ ਨੌਜਵਾਨਾਂ ਨੂੰ ਹਰ ਖੇਤਰ ਅੰਦਰ ਚੇਤੰਨ ਹੋਣ ਦੀ ਲੋੜ : ਗਿਆਨੀ ਹਰਪ੍ਰੀਤ ਸਿੰਘ
Saturday, Jun 13, 2020 - 08:33 PM (IST)
ਤਲਵੰਡੀ ਸਾਬੋ, (ਮੁਨੀਸ਼)- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕਿਹਾ ਹੈ ਕਿ ਵਿਸ਼ਵ ਭਰ ਦੇ ਸਿੱਖ ਨੌਜਵਾਨਾਂ ਨੂੰ ਹਰ ਖੇਤਰ ’ਚ ਭਾਵੇਂ ਉਹ ਆਰਥਿਕ, ਰਾਜਨੀਤਿਕ ਅਤੇ ਧਾਰਮਕ ਹੋਵੇ ਚੇਤੰਨ ਹੋਣ ਦੀ ਲੋੜ ਹੈ। ਸਿੰਘ ਸਾਹਿਬ ਨੇ ਕਿਹਾ ਕਿ ਕੇਂਦਰ ਦੀਆਂ ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੀ ਜਾਂਦੀ ਵਿਤਕਰੇਬਾਜ਼ੀ ਅਤੇ ਸਿੱਖਾਂ ਨਾਲ ਆਜ਼ਾਦੀ ਉਪਰੰਤ ਕੀਤੇ ਗਏ ਵਿਸ਼ਵਾਸ਼ਘਾਤਾਂ ਤੋਂ ਬਾਅਦ ਸੁਹਿਰਦ ਸਿੱਖ ਆਗੂਆਂ ਨੇ ਦੇਸ਼ ਅੰਦਰ ਬੇਗਾਨਗੀ ਦੇ ਅਹਿਸਾਸ ਨੂੰ ਮਹਿਸੂਸ ਕਰਦੇ ਹੋਏ ਹਲੀਮੀ ਰਾਜ ਦੇ ਸੰਕਲਪ ਨੂੰ ਤਰਜ਼ੀਹ ਦਿੱਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਕਈ ਸਿਆਸੀ ਆਗੂ ਮੇਰੇ ਵਲੋਂ ਦਿੱਤੇ ਗਏ ਬਿਆਨ ਬਾਰੇ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ ਪਰ ਇਨ੍ਹਾਂ ਦੇ ਹੀ ਮੋਢੀ ਆਗੂਆਂ ਨੇ ਕਿਸੇ ਸਮੇਂ ਸਿੱਖਾਂ ਲਈ ਵਿਸ਼ੇਸ਼ ਖਿੱਤੇ ਦੀ ਮੰਗ ਨੂੰ ਜਾਇਜ਼ ਠਹਿਰਾਇਆ ਸੀ।
ਉਨ੍ਹਾਂ ਕਿਹਾ ਕਿ ਇਹ ਗੱਲ ਠੀਕ ਹੈ ਕਿ ਸਿੱਖਾਂ ਨੂੰ ਸਿਰਫ ਅਤੇ ਸਿਰਫ ਖਾਲਿਸਤਾਨ ਦੇ ਵਿਚਾਰ ਨਾਲ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ। ਸਿੱਖੀ ਇਕ ਵਿਸ਼ਵ-ਵਿਆਪੀ ਵਿਚਾਰ ਹੈ ਅਤੇ ਇਸ ਵਿਚਾਰ ਨੇ ਦੁਨੀਆ ’ਚ ਠੰਡ ਵਰਤਾਉਣੀ ਹੈ। ਅਸਲ ’ਚ ਮੇਰੇ ਬਿਆਨ ਤੋਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਤਕਲੀਫ ਹੋਈ ਹੈ, ਜੋ ਸਿੱਖਾਂ ਨੂੰ ਸਿਰਫ ਸਰਕਾਰੀ ਪ੍ਰੋਪੇਗੰਡਾ ਮਸ਼ੀਨਰੀ ਦੀ ਵਰਤੋਂ ਕਰ ਕੇ ਖਾਲਿਸਤਾਨ ਦੇ ਸਿਆਸੀ ਵਿਚਾਰ ਨਾਲ ਧੱਕੇ ਨਾਲ ਜੋੜੀਆਂ ਗਈਆਂ ਝੂਠੀਆਂ ਅਤੇ ਨਫ਼ਰਤੀ ਧਾਰਨਾਵਾਂ ਨਾਲ ਪ੍ਰਭਾਸ਼ਿਤ ਕਰਨਾ ਚਾਹੁੰਦੇ ਹਨ। ਅਜਿਹੇ ਲੋਕਾਂ ਤੋਂ ਸੁਚੇਤ ਰਹਿ ਕੇ ਜਮਹੂਰੀ ਢਾਂਚੇ ਅੰਦਰ ਇਕ ਰਾਜਸੀ ਲਹਿਰ ਸਿਰਜਣ ਦੀ ਲੋੜ ਹੈ, ਤਾਂ ਕਿ ਪੰਜਾਬ ਦੇ ਖਿੱਤੇ ’ਚ ਹਰ ਵਰਗ ਦੇ ਲੋਕ ਸ਼ੇਰ-ਏ-ਪੰਜਾਬ ਵਰਗੇ ਰਾਜ ਦਾ ਆਨੰਦ ਮਾਣ ਸਕਣ।