‘ਸ਼੍ਰੋਮਣੀ ਕਮੇਟੀ ਨੇ ਹੰਢਾਏ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ’

Tuesday, Nov 17, 2020 - 12:37 PM (IST)

‘ਸ਼੍ਰੋਮਣੀ ਕਮੇਟੀ ਨੇ ਹੰਢਾਏ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ’

ਅੰਮ੍ਰਿਤਸਰ (ਬਿਊਰੋ) - ਸਿੱਖ ਜਗਤ ਦੀ ਵਿਲੱਖਣ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਹਾੜਾ ਮਨਾਇਆ ਜਾ ਰਿਹਾ ਹੈ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਇਸ ਸੰਸਥਾ ਦਾ ਸ਼ਾਨਾਮੱਤਾ ਵਿਰਸਾ ਹੈ, ਜਿਸਨੇ ਇਕ ਸ਼ਤਾਬਦੀ ਤੱਕ ਸਮੇਂ-ਸਮੇਂ ਸਿੱਖ ਜਗਤ ਨੂੰ ਅਗਵਾਈ ਦਿੱਤੀ ਅਤੇ ਅਨੇਕਾਂ ਉਤਰਾਅ ਅਤੇ ਚੜ੍ਹਾਅ ਵੀ ਹੰਢਾਏ। ਇਸ ਸੰਸਥਾ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤ ਸਾਹਿਬਾਨ ਨੂੰ ਸੁਯੋਗ ਜਥੇਦਾਰ ਸਾਹਿਬਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਕੇਂਦਰੀ ਮੰਤਰੀ, ਮੈਂਬਰ ਪਾਰਲੀਮੈਂਟ ਅਤੇ ਰਾਜ ਸਭਾ, ਪੰਜਾਬ ਵਿਧਾਨ ਸਭਾ ਵਿੱਚ ਮੰਤਰੀ, ਵਿਰੋਧੀ ਧਿਰ ਦੇ ਲੀਡਰ, ਉੱਚ-ਕੋਟੀ ਦੇ ਸਿੱਖ ਵਿਦਵਾਨ, ਪ੍ਰਬੰਧਕ, ਪੱਤਰਕਾਰ ਆਦਿ ਦੇਸ਼, ਕੌਮ ਅਤੇ ਸਮਾਜ ਦੀ ਅਗਵਾਈ ਲਈ ਦਿੱਤੇ। ਇਕ ਹੋਰ ਨਿਵੇਕਲਾ ਪੱਖ ਤਕਰੀਬਨ 6 ਮੁੱਖ ਮੰਤਰੀਆਂ ਦਾ ਰਾਜਸੀ ਧਰਾਤਲ ਅਤੇ ਪਿਛੋਕੜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੀ ਜੁੜਿਆ ਹੋਇਆ ਹੈ।

PunjabKesari

ਇਹ ਮੁੱਖ ਮੰਤਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਮੈਂਬਰ ਵਿਧਾਨ ਸਭਾ, ਮੈਂਬਰ ਪਾਰਲੀਮੈਂਟ ਤੇ ਰਾਜ ਸਭਾ, ਕੈਬਨਿਟ ਮੰਤਰੀ, ਕੇਂਦਰੀ ਮੰਤਰੀ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਕਾਰਜਸ਼ੀਲ ਰਹੇ ਅਤੇ ਮੁੱਖ ਮੰਤਰੀ ਦੀ ਕੁਰਸੀ ਤੱਕ ਵੀ ਪਹੁੰਚੇ।

ਪੰਜਾਬ ਮੰਤਰੀ ਮੰਡਲ ਵਿਚ ਮੁੜ-ਵਸੇਬਾ ਅਤੇ ਵਿਕਾਸ ਮੰਤਰੀ ਵਜੋਂ ਯਾਦਗਾਰੀ ਸੇਵਾਵਾਂ ਨਿਭਾਉਣ ਵਾਲੇ ਅਤੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ. ਪ੍ਰਤਾਪ ਸਿੰਘ ਕੈਰੋਂ ਅਪ੍ਰੈਲ 1933 ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਸਰਗਰਮ ਭੂਮਿਕਾ ਨਿਭਾਈ। ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਅਨੇਕ ਕਾਰਜ ਸਦੀਵੀ ਯਾਦਗਾਰ ਵਜੋਂ ਸਥਾਪਤ ਹਨ। ਜਥੇਦਾਰ ਅਕਾਲ ਤਖਤ ਸਾਹਿਬ ਅਤੇ ਉੱਘੇ ਸਾਹਿਤਕਾਰ (ਸਾਹਿਤ ਅਕਾਦਮੀ ਵੱਲੋਂ ਪੁਰਸਕਾਰਿਤ), ਮੈਂਬਰ ਪਾਰਲੀਮੈਂਟ ਅਤੇ ਰਾਜ ਸਭਾ ਪਦਮ ਵਿਭੂਸ਼ਣ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਮਾਰਚ 1937 ਵਿਚ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਬਣੇ।

PunjabKesari

ਇਹ ਨਵੰਬਰ 1966 ਤੋਂ ਮਾਰਚ 1967 ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਰਹੇ। ਸ਼ਾਹੀ ਖਾਨਦਾਨ ਪਟਿਆਲਾ ਦੇ ਨੇੜਲੇ ਰਿਸ਼ਤੇਦਾਰ, ਪਟਿਆਲਾ ਰਿਆਸਤ ਦੇ ਮੁੱਖ ਜੱਜ ਸਰਦਾਰ ਗਿਆਨ ਸਿੰਘ ਰਾੜੇਵਾਲਾ ਫਰਵਰੀ 1955 ਦੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਕਾਰਜਕਾਰਨੀ ਦੇ ਮੈਂਬਰ ਬਣੇ। ਇਹ ਸਮਾਂ ਸੀ ਜਦੋਂ ਦੋ ਅਜਿਹੇ ਵਿਅਕਤੀ ਕਾਰਜਕਾਰਨੀ ਦੇ ਮੈਂਬਰ ਬਣੇ, ਜੋ ਬਾਅਦ ਵਿਚ ਪੈਪਸੂ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਪਦਵੀ ’ਤੇ ਸੁਸ਼ੋਭਿਤ ਹੋਏ। ਇਹ ਕੁਝ ਮਹੀਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ। ਆਜ਼ਾਦੀ ਤੋਂ ਬਾਅਦ ਇਹ ਪਹਿਲੇ ਗੈਰ-ਕਾਂਗਰਸੀ ਮੁੱਖ ਮੰਤਰੀ ਬਣੇ। ਮੁੱਖ ਮੰਤਰੀ ਹੁੰਦਿਆਂ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਇਨ੍ਹਾਂ ਦੀ ਨਿੱਗਰ ਭੂਮਿਕਾ ਰਹੀ।

PunjabKesari

ਮਾਰਚ 1967 ਤੋਂ ਨਵੰਬਰ 1967 ਤੱਕ ਅਤੇ 17 ਫਰਵਰੀ 1969 ਤੋਂ ਮਾਰਚ 1970 ਤੱਕ 2 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਜਸਟਿਸ ਗੁਰਨਾਮ ਸਿੰਘ ਮਾਰਚ 1960 ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਮੈਂਬਰ ਨਾਮਜ਼ਦ ਹੋਏ। ਇਹ ਸਿੱਖ ਐਜੂਕੇਸ਼ਨ ਸੋਸਾਇਟੀ ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਮੈਂਬਰ ਵੀ ਰਹੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਇਨ੍ਹਾਂ ਦੀ ਯਾਦਗਾਰੀ ਦੇਣ ਹੈ। ਸਰਦਾਰ ਲਛਮਣ ਸਿੰਘ ਗਿੱਲ ਮਾਰਚ 1960 ਵਿਚ ਐੱਸ. ਜੀ. ਪੀ. ਸੀ. ਦੀ ਕਾਰਜਕਾਰਨੀ ਦੇ ਮੈਂਬਰ ਚੁਣੇ ਗਏ। ਮਾਰਚ 1961 ਵਿਚ ਇਨ੍ਹਾਂ ਨੂੰ ਜਨਰਲ ਸਕੱਤਰ ਚੁਣਿਆ ਗਿਆ। ਸ. ਗਿਆਨ ਸਿੰਘ ਰਾੜੇਵਾਲਾ ਤੋਂ ਬਾਅਦ ਇਹ ਸ਼੍ਰੋਮਣੀ ਕਮੇਟੀ ਦੇ ਵੱਕਾਰੀ ਅਹੁਦੇ ਉੱਪਰ ਰਹੇ। ਇਹ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਮੈਂਬਰ ਵੀ ਬਣੇ।

PunjabKesari

ਪੰਜਾਬ ਮੰਤਰੀ ਮੰਡਲ ਵਿਚ ਵਿਦਿਆ ਅਤੇ ਮਾਲ ਮੰਤਰੀ ਵੀ ਰਹੇ। ਪੰਜਾਬ ਦੇ ਮੁੱਖ ਮੰਤਰੀ ਵਜੋਂ ਇਨ੍ਹਾਂ ਦਾ ਕਾਰਜਕਾਲ 25 ਨਵੰਬਰ 1967 ਤੋਂ 22 ਅਗਸਤ 1968 ਤੱਕ ਰਿਹਾ। ਪੰਜਾਬੀ ਭਾਸ਼ਾ ਨੂੰ ਰਾਜ ਅੰਦਰ ਵਿਸ਼ੇਸ਼ ਸਨਮਾਨਯੋਗ ਰੁਤਬਾ ਦਿਵਾਉਣਾ ਆਪ ਦਾ ਯਾਦਗਾਰੀ ਕਾਰਜ ਮੰਨਿਆ ਜਾਂਦਾ ਹੈ। ਮੁੱਖ ਮੰਤਰੀ ਹੁੰਦਿਆਂ ਇਕ ਸਮੇਂ ਆਪ ਦੇ ਸਬੰਧ ਸ਼੍ਰੋਮਣੀ ਕਮੇਟੀ ਨਾਲ ਸੁਖਾਵੇਂ ਨਹੀਂ ਰਹੇ। ਮਾਰਚ 1970 ਤੋਂ 2017 ਤੱਕ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ, 3 ਵਾਰ ਵਿਰੋਧੀ ਧਿਰ ਦੇ ਨੇਤਾ, ਪੰਜਾਬ ਦੇ ਵਿਕਾਸ ਤੇ ਪੰਚਾਇਤ ਮੰਤਰੀ, ਮੈਂਬਰ ਪਾਰਲੀਮੈਂਟ, ਕੇਂਦਰੀ ਮੰਤਰੀ, 1995 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੌਜੂਦਾ ਸਰਪ੍ਰਸਤ, ਪਦਮ ਵਿਭੂਸ਼ਣ ਸ. ਪ੍ਰਕਾਸ਼ ਸਿੰਘ ਬਾਦਲ ਅਕਤੂਬਰ 1955 ਵਿਚ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਜੇ ਮੈਂਬਰ ਚੁਣੇ ਗਏ।

PunjabKesari

ਇਨ੍ਹਾਂ ਦੇ ਕਾਰਜਕਾਲ ਦੌਰਾਨ ਕਈ ਵਿਕਾਸ ਕਾਰਜਾਂ ਤੋਂ ਇਲਾਵਾ ਸਿੱਖ ਵਿਰਾਸਤੀ ਯਾਦਗਾਰਾਂ ਦੀ ਸਥਾਪਨਾ ਅਤੇ ਸੰਗਤ ਦਰਸ਼ਨ ਦੀ ਪ੍ਰਥਾ ਵਰਣਨਯੋਗ ਪ੍ਰਾਪਤੀ ਰਹੀ। ਇਸਦੇ ਨਾਲ-ਨਾਲ ਸਿੱਖ ਇਤਿਹਾਸਕ ਸ਼ਤਾਬਦੀਆਂ ਦੀ ਵਿਉਂਤਬੰਦੀ ਵਿਚ ਵੀ ਇਨ੍ਹਾਂ ਦੀ ਸਰਗਰਮ ਭੂਮਿਕਾ ਰਹੀ। ਇਹ ਕੁਦਰਤੀ ਵਰਤਾਰਾ ਅਤੇ ਸੰਯੋਗ ਹੀ ਕਿਹਾ ਜਾ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਦੀ ਹੈਸੀਅਤ ਵਿਚ ਕਿਸੇ ਸਮੇਂ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਮੈਂਬਰ ਰਹੇ ਜਸਟਿਸ ਗੁਰਨਾਮ ਸਿੰਘ, ਸ. ਲਛਮਣ ਸਿੰਘ ਗਿੱਲ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਵੱਖੋ-ਵੱਖਰੇ ਸਮੇਂ ’ਤੇ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ।

PunjabKesari

ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ
ਸਾਬਕਾ ਆਨਰੇਰੀ ਵਿਦਿਆ ਸਕੱਤਰ ਅਤੇ ਐਡਵਾਈਜ਼ਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 
ਸ੍ਰੀ ਅੰਮ੍ਰਿਤਸਰ ਸਾਹਿਬ।
98142-10021


author

rajwinder kaur

Content Editor

Related News