ਕਾਬੁਲ 'ਚ ਗੁਰਦੁਆਰੇ 'ਤੇ ਹੋਏ ਅੱਤਵਾਦੀ ਹਮਲੇ ਦੀ ਸੁਖਦੇਵ ਢੀਂਡਸਾ ਨੇ ਕੀਤੀ ਨਿੰਦਾ

Wednesday, Mar 25, 2020 - 05:08 PM (IST)

ਸੰਗਰੂਰ (ਸਿੰਗਲਾ) : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਗੁਰਦੁਆਰੇ 'ਤੇ ਹੋਏ ਅੱਤਵਾਦੀ ਹਮਲੇ 'ਚ ਹੁਣ ਤਕ 11 ਦੀ ਮੌਤ ਹੋ ਚੁੱਕੀ ਹੈ। ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਗੁਰਦੁਆਰੇ 'ਚ ਲਗਭਗ 150 ਸ਼ਰਧਾਲੂ ਮੌਜੂਦ ਸਨ। 16 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਆਤਮਘਾਤੀ ਹਮਲੇ ਦੀ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਨੇ ਸਖਤ ਸ਼ਬਦਾਂ 'ਚ ਨਖੇਦੀ ਕਰਦਿਆਂ ਕਿਹਾ ਕਿ ਇਹ ਬੜੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਪਾਠ ਕਰ ਰਹੀ ਸੰਗਤ
ਮਹਾਮਾਰੀ ਕੋਰੋਨਾ ਨੂੰ ਰੋਕਣ ਲਈ ਪਰਮਤਾਮਾ ਅੱਗੇ ਅਰਦਾਸ ਕਰ ਰਹੀ ਸੀ। ਇਸ ਮੌਕੇ 'ਤੇ ਆਤਮਘਾਤੀ ਹਮਲਾ ਕਰ ਕੇ ਸਿੱਖ ਸੰਗਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਅਤੇ ਉਨਾਂ ਨੂੰ ਬੰਦੀ ਬਣਾ ਲਿਆ ਗਿਆ ਹੈ, ਇਹ ਬੜੀ ਮੰਦਭਾਗੀ ਅਤੇ ਨਿੰਦਣਯੋਗ ਘਟਨਾ ਹੈ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਸਾਰੀ ਸਿੱਖ ਕੌਮ ਉਨ੍ਹਾਂ ਦੇ ਨਾਲ ਹੈ। 

PunjabKesari

ਇਸ ਮੌਕੇ ਸੁਖਦੇਵ ਢੀਂਡਸਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈ. ਸ਼ੰਕਰ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਤੁਰੰਤ ਕਦਮ ਚੁੱਕ ਕੇ ਕਾਬੁਲ 'ਚ ਰਹਿ ਰਹੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਲਈ ਅਫਗਾਨਿਸਤਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰ ਕੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਬੰਦੀ ਬਣਾਏ ਗਏ ਸਿੱਖਾਂ ਨੂੰ ਅੱਤਵਾਦੀਆ ਤੋਂ ਜਲਦੀ ਤੋਂ ਜਲਦੀ ਰਿਹਾਅ ਕਰਵਾਇਆ ਜਾਵੇ।

PunjabKesari

ਦੱਸ ਦਈਏ ਕਿ ਅਫਗਾਨਿਸਤਾਨ ਵਿੱਚ ਲਗਭਗ 300 ਸਿੱਖ ਪਰਿਵਾਰ ਰਹਿੰਦੇ ਹਨ। ਕਾਬੁਲ ਅਤੇ ਜਲਾਲਾਬਾਦ ਵਿਚ ਸਿੱਖਾਂ ਦੀ ਗਿਣਤੀ ਵਧੇਰੇ ਹੈ। ਇਨ੍ਹਾਂ ਦੋਹਾਂ ਸ਼ਹਿਰਾਂ ਵਿਚ ਗੁਰਦੁਆਰੇ ਵੀ ਹਨ।ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਦੁਆਰੇ ਤੋਂ ਇਕ ਸਿੱਖ ਸ਼ਰਧਾਲੂ ਦਾ ਫੋਨ ਆਇਆ ਜਿਸ ਨੇ ਉਨ੍ਹਾਂ ਨੂੰ ਹਮਲੇ ਬਾਰੇ ਜਾਣਕਾਰੀ ਦਿੱਤੀ ਅਤੇ ਉਹ ਮਦਦ ਲਈ ਰਵਾਨਾ ਹੋ ਗਏ। ਉਨ੍ਹਾਂ ਕਿਹਾ ਕਿ ਹਮਲੇ ਸਮੇਂ ਗੁਰਦੁਆਰੇ ਅੰਦਰ ਲਗਭਗ 150 ਲੋਕ ਮੌਜੂਦ ਸਨ। ਭਾਰਤ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ,“ਕੋਰੋਨਾਵਾਇਰਸ ਮਹਾਂਮਾਰੀ ਸਮੇਂ ਘੱਟ ਗਿਣਤੀ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ 'ਤੇ ਅਜਿਹੇ ਕਾਇਰਤਾਵਾਦੀ ਹਮਲੇ ਅਪਰਾਧੀਆਂ ਅਤੇ ਉਨ੍ਹਾਂ ਦੀ ਸ਼ੈਤਾਨੀ ਮਾਨਸਿਕਤਾ ਨੂੰ ਦਰਸਾਉਂਦੇ ਹਨ।

PunjabKesari

ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਵੀ ਅਫਗਾਨਿਸਤਾਨ ਦੇ ਇਸਲਾਮਿਕ ਸਟੇਟ ਨਾਲ ਸਬੰਧਤ ਹਮਲਾਵਰਾਂ ਨੇ ਕਾਬੁਲ ਵਿਚ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਦੇ ਇਕ ਇਕੱਠ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿਚ 32 ਲੋਕਾਂ ਦੀ ਮੌਤ ਹੋ ਗਈ ਸੀ। ਸਿੱਖਾਂ ਨੂੰ ਰੂੜ੍ਹੀਵਾਦੀ ਮੁਸਲਮਾਨਾਂ ਦੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸਲਾਮਿਕ ਅੱਤਵਾਦੀਆਂ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲ ਹੀ ਦੇ ਸਾਲਾਂ ਵਿਚ ਬਹੁਗਿਣਤੀ ਹਿੰਦੂ ਤੇ ਸਿੱਖ ਭਾਰਤ ਵਿਚ ਪਨਾਹ ਦੀ ਮੰਗ ਕਰ ਰਹੇ ਹਨ।


Anuradha

Content Editor

Related News