ਯੂ. ਕੇ. 'ਚ ਸਿੱਖ 'ਤੇ ਨਸਲੀ ਹਮਲੇ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ

9/24/2020 2:04:05 AM

ਅੰਮ੍ਰਿਤਸਰ,(ਦੀਪਕ ਸ਼ਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਕੱਲ ਯੂ.ਕੇ. 'ਚ ਸਿੱਖ ਟੈਕਸੀ ਡਰਾਇਵਰ ਸ. ਵਨੀਤ ਸਿੰਘ 'ਤੇ ਕੁਝ ਲੋਕਾਂ ਵੱਲੋਂ ਕੀਤੇ ਗਏ ਨਸਲੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਵਿਦੇਸ਼ਾਂ ਵਿਚ ਸਿੱਖਾਂ 'ਤੇ ਹੁੰਦੇ ਨਫ਼ਰਤੀ ਹਮਲਿਆਂ ਨੂੰ ਰੋਕਣ ਲਈ ਵਿਦੇਸ਼ ਮੰਤਰਾਲੇ ਰਾਹੀਂ ਲੋੜੀਂਦੀ ਕਾਰਵਾਈ ਕਰੇ। ਭਾਈ ਲੌਂਗੋਵਾਲ ਨੇ ਕਿਹਾ ਕਿ ਯੂ.ਕੇ. ਵਿਚ ਸਿੱਖ ਟੈਕਸੀ ਡਰਾਈਵਰ ਨੂੰ ਜਾਣਬੁਝ ਕੇ ਪ੍ਰੇਸ਼ਾਨ ਕਰਨਾ ਅਤੇ ਉਸ ਦੀ ਦਸਤਾਰ ਤੇ ਕੇਸਾਂ ਬਾਰੇ ਅਪਸ਼ਬਦ ਬੋਲਣਾ ਬੇਹੱਦ ਮੰਦਭਾਗਾ ਹੈ। ਅਜਿਹੀਆਂ ਘਟਨਾਵਾਂ ਨਾਲ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਅੰਦਰ ਡਰ ਦੀ ਭਾਵਨਾ ਬਣੀ ਹੋਈ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਅੰਦਰ ਸਿੱਖਾਂ ਨੂੰ ਨਸਲੀ ਵਿਤਕਰੇ ਦਾ ਨਿਸ਼ਾਨਾ ਬਣਾਇਆ ਗਿਆ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਭਾਰਤੀ ਭਾਈਚਾਰੇ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਗਏ ਸਰਬੱਤ ਦੇ ਭਲੇ ਦੇ ਸਿਧਾਂਤ 'ਤੇ ਪਹਿਰਾ ਦਿੰਦਿਆਂ ਹਰ ਲੋੜਵੰਦ ਦੀ ਸਹਾਇਤਾ ਲਈ ਤੱਤਪਰ ਰਹਿੰਦੇ ਹਨ। ਵਿਦੇਸ਼ਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਿੱਖਾਂ ਨੇ ਆਪਣੀ ਕਰੜੀ ਮਿਹਨਤ ਨਾਲ ਯੋਗਦਾਨ ਪਾਇਆ ਹੈ। ਮਿਹਨਤੀ ਅਤੇ ਲੋੜਵੰਦਾਂ ਦੀ ਮੱਦਦ ਕਰਨ ਵਾਲੇ ਸਿੱਖਾਂ ਨੂੰ ਨਫ਼ਰਤ ਨਾਲ ਦੇਖਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਇਸ ਵਰਤਾਰੇ ਨੂੰ ਠੱਲਣ ਲਈ ਵਿਦੇਸ਼ਾਂ ਦੀਆਂ ਸਰਕਾਰਾਂ ਦੀ ਭੂਮਿਕਾ ਨੂੰ ਸਹੀ ਦਿਸ਼ਾ ਦੇਣ ਲਈ ਭਾਰਤ ਸਰਕਾਰ ਪਹਿਲਕਦਮੀ ਕਰੇ। ਵਿਦੇਸ਼ ਮੰਤਰਾਲਾ ਇਸ ਸੰਜੀਦਾ ਮਸਲੇ 'ਤੇ ਬਣਦੀ ਜ਼ਿੰਮੇਵਾਰੀ ਨਿਭਾਵੇ।
 


Deepak Kumar

Content Editor Deepak Kumar