ਸ਼੍ਰੋਮਣੀ ਕਮੇਟੀ ਕੇਂਦਰ ਸਰਕਾਰ ਕੋਲੋਂ ਸਿੱਖ ਨਸਲਕੁਸ਼ੀ ਨਵੰਬਰ ''84 ਦਾ ਮਤਾ ਪਾਸ ਕਰਵਾਏ : ਖਾਲਸਾ

Sunday, Jul 22, 2018 - 07:45 AM (IST)

ਸ਼੍ਰੋਮਣੀ ਕਮੇਟੀ ਕੇਂਦਰ ਸਰਕਾਰ ਕੋਲੋਂ ਸਿੱਖ ਨਸਲਕੁਸ਼ੀ ਨਵੰਬਰ ''84 ਦਾ ਮਤਾ ਪਾਸ ਕਰਵਾਏ : ਖਾਲਸਾ

ਜਲੰਧਰ (ਚਾਵਲਾ) - ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਗੋਲਡੀ, ਪ੍ਰੋ. ਬਲਵਿੰਦਰਪਾਲ ਸਿੰਘ , ਮਨਜੀਤ ਸਿੰਘ ਗੱਤਕਾ ਮਾਸਟਰ , ਸੰਦੀਪ ਸਿੰਘ ਚਾਵਲਾ ਆਦਿ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਮਰੀਕਾ ਦੇ ਸਿੱਖਾਂ ਵਾਂਗ ਭਾਰਤ ਸਰਕਾਰ ਕੋਲੋਂ ਸਿੱਖ ਨਸਲਕੁਸ਼ੀ ਨਵੰਬਰ '84 ਦਾ ਮਤਾ ਪਾਸ ਕਰਵਾਏ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਕਨੈਟੀਕਟ ਸੂਬੇ  'ਚ 1 ਨਵੰਬਰ  ਨੂੰ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ ਮਨਾਏਗੀ। ਨਵੰਬਰ ਦਾ ਮਹੀਨਾ ਸਿੱਖ ਜੈਨੇਸਾਈਡ ਅਵੇਅਰਨੈੱਸ ਡੇਅ ਵਜੋਂ ਮਨਾਇਆ ਜਾਏਗਾ। ਸਰਕਾਰੀ ਹੁਕਮਾਂ ਅਨੁਸਾਰ ਸਿੱÎਖ ਜੈਨੋਸਾਈਡ ਸਕੂਲਾਂ ਵਿਚ ਵੀ ਪੜ੍ਹਾਇਆ ਜਾਵੇਗਾ। 2017 ਦੌਰਾਨ ਸਟੇਟ ਜਨਰਲ ਅਸੈਂਬਲੀ ਵਿਚ ਸਿੱਖ ਨਸਲਕੁਸ਼ੀ ਨਵੰਬਰ '84 ਬਾਰੇ ਮਤਾ ਪਾਸ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿਚ ਅਜਿਹਾ ਮਤਾ ਪਾਸ ਕਰਵਾਉਣ ਵਾਲੇ ਅਮਰੀਕਨ ਆਗੂ ਸਵਰਨਜੀਤ ਸਿੰਘ ਖਾਲਸਾ , ਹਿੰਮਤ ਸਿੰਘ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਨਿਊਯਾਰਕ, ਗੁਰਨਿੰਦਰ ਸਿੰਘ ਧਾਲੀਵਾਲ, ਕੁਲਵੰਤ ਸਿੰਘ, ਮਨਮੋਹਨ ਸਿੰਘ ਘੁਰਾੜਾ, ਮਨਿੰਦਰ ਸਿੰਘ ਅਰੋੜਾ, ਬਲਵਿੰਦਰ ਸਿੰਘ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਵਰਲਡ ਸਿੱਖ ਪਾਰਲੀਮੈਂਟ, ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਇਹ ਇਤਿਹਾਸਕ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਬਾਦਲ ਦਲ ਦਾ ਭਾਜਪਾ ਸਰਕਾਰ ਨਾਲ ਗੱਠਜੋੜ ਹੈ, ਪਰ ਹਾਲੇ ਤੱਕ ਦਿੱਲੀ ਸਿੱਖ ਕਤਲੇਆਮ ਨੂੰ ਸਰਕਾਰੀ ਪੱਧਰ 'ਤੇ ਸਿੱਖ ਨਸਲਕੁਸ਼ੀ ਦਾ ਦਰਜਾ ਪ੍ਰਦਾਨ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਸਬੰਧੀ ਸੰਸਦ ਵਿਚ ਮੁਆਫੀ ਮੰਗੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਸਿੱਖਾਂ ਨੂੰ ਇਨਸਾਫ਼ ਦੇਣ ਲਈ ਸੁਹਿਰਦ ਨਹੀਂ ਤੇ ਇਹ ਢਿੱਲਮੱਠ ਇਹ ਪ੍ਰਭਾਵ ਦਿੰਦੀ ਹੈ ਕਿ ਮੋਦੀ ਸਰਕਾਰ ਇਨਸਾਫ਼ ਦੇਣ ਲਈ ਚਿੰਤਤ ਨਹੀਂ। ਉਨ੍ਹਾਂ ਪ੍ਰਵਾਸੀ ਸਿੱਖ ਆਗੂਆਂ ਤੇ ਸਿੱਖ ਪਾਰਲੀਮੈਂਟਸ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਸਿੱਖ ਨਸਲਕੁਸ਼ੀ ਦੇ ਵਿਰੋਧ ਵਿਚ ਇਹ ਮਤਾ ਪਾਸ ਕਰਵਾਇਆ।


Related News